ਨਵੀਂ ਦਿੱਲੀ, 19 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਯੂਨੀਵਰਸਿਟੀਆਂ ਵਿਚਾਰਾਂ ਦੇ ਅਦਾਨ-ਪ੍ਰਦਾਨ ਵਾਲਾ ਪਲੈਟਫਾਰਮ ਹੋਣਾ ਚਾਹੀਦੀਆਂ ਹਨ ਅਤੇ ਇਨ੍ਹਾਂ ਨੂੰ ਵਿਚਾਰਕਧਾਰਕ ਵਿਵਾਦ ਵਾਲੀਆਂ ਥਾਵਾਂ ਨਹੀਂ ਬਣਨਾ ਚਾਹੀਦਾ। ਉਹ ਦਿੱਲੀ ਯੂਨੀਵਰਸਿਟੀ ਵਿੱਚ ‘‘ਸਵਰਾਜ ਤੋਂ ਨਵਭਾਰਤ ਤੱਕ ਭਾਰਤ ਦੇ ਵਿਚਾਰਾਂ ’ਤੇ ਪੁਨਰਵਿਚਾਰ’’ ਵਿਸ਼ੇ ’ਤੇ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਮੌਕੇ ਸ਼ਾਹ ਨੇ ਕਿਹਾ ਕਿ ਜੇਕਰ ਕੋਈ ਵਿਸ਼ੇਸ਼ ਵਿਚਾਰਧਾਰਾ ਸੰਘਰਸ਼ ਦਾ ਕਾਰਨ ਹੈ ਤਾਂ ‘‘ਇਹ ਕੋਈ ਵਿਚਾਰਧਾਰਾ ਨਹੀਂ ਹੈ, ਇਹ ਯਕੀਨੀ ਤੌਰ ’ਤੇ ਭਾਰਤ ਦੀ ਵਿਚਾਰਧਾਰਾ ਨਹੀਂ ਹੈ।’’ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਸਲਾਹ ਦਿੱਤੀ ਅਤੇ ਭਾਰਤ ਦੀ ਰੱਖਿਆ ਨੀਤੀ ਬਾਰੇ ਦੱਸਿਆ। ਕੇਂਦਰੀ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ‘‘ਸ਼ਾਂਤੀ ਦਾ ਪੁਜਾਰੀ ਹੈ’’, ‘‘ਸ਼ਾਂਤੀ ਚਾਹੁੰਦਾ ਹੈ’’ ਅਤੇ ਦੁਨੀਆਂ ਦੇ ਹਰ ਦੇਸ਼ ਨਾਲ ਸੁਖਾਵੇਂ ਸਬੰਧ ਰੱਖਦਾ ਹੈ। ਉਨ੍ਹਾਂ ਕਿਹਾ, ‘‘ਭਾਰਤ ਇੱਕ ਭੂ-ਸੱਭਿਆਚਾਰਕ ਦੇਸ਼ ਹੈ ਅਤੇ ਜਦੋਂ ਤੱਕ ਲੋਕ ਇਸ ਨੂੰ ਨਹੀਂ ਸਮਝਦੇ, ਉਹ ਭਾਰਤ ਦੇ ਵਿਚਾਰ ਨੂੰ ਨਹੀਂ ਸਮਝ ਸਕਦੇ।’’ -ਪੀਟੀਆਈ