ਨਵੀਂ ਦਿੱਲੀ, 25 ਫਰਵਰੀ
ਕੇਂਦਰੀ ਕਾਨੂੰਨ ਸਕੱਤਰ ਨੂੰ ਦਿੱਲੀ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕੇਂਦਰੀ ਕਾਨੂੰਨ ਸਕੱਤਰ ਨੂੰ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਕਾਨੂੰਨ ਮੰਤਰਾਲੇ ਦੇ ਨਿਆਂ ਵਿਭਾਗ ਅਨੁਸਾਰ ਕੇਂਦਰੀ ਕਾਨੂੰਨ ਸਕੱਤਰ ਅਨੂਪ ਕੁਮਾਰ ਮੈਂਦੀਰੱਤਾ ਨੂੰ ਦਿੱਲੀ ਹਾਈ ਕੋਰਟ ਦਾ ਜੱਜ ਬਣਾਇਆ ਗਿਆ ਹੈ। ਮੈਂਦੀਰੱਤਾ ਨੂੰ ਅਕਤੂਬਰ 2019 ਵਿੱਚ ਕਾਨੂੰਨ ਸਕੱਤਰ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਉਹ ਦਿੱਲੀ ਵਿੱਚ ਨਿਆਂਇਕ ਅਧਿਕਾਰੀ ਸਨ। ਇੱਥੋਂ ਤੱਕ ਕਿ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਮੌਜੂਦਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਕੇਂਦਰੀ ਕਾਨੂੰਨ ਸਕੱਤਰ ਬਣਾਇਆ ਗਿਆ ਸੀ। ਮੈਂਦੀਰੱਤਾ ਤੋਂ ਇਲਾਵਾ ਤਿੰਨ ਹੋਰ ਨਿਆਂਇਕ ਅਫਸਰ ਨੀਨਾ ਬਾਂਸਲ ਕ੍ਰਿਸ਼ਨਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਸੁਧੀਰ ਕੁਮਾਰ ਜੈਨ ਨੂੰ ਵੀ ਦਿੱਲੀ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਹੈ।