ਨਵੀਂ ਦਿੱਲੀ/ਮੁੰਬਈ, 3 ਮਾਰਚ
ਰੂਸ ਵੱਲੋਂ ਯੂਕਰੇਨ ’ਤੇ ਹਮਲੇ ਦੌਰਾਨ ਉੱਥੋਂ ਬਚ ਕੇ ਹੋਰ ਦੇਸ਼ਾਂ ਵਿੱਚ ਪਹੁੰਚੇ ਭਾਰਤੀ ਲੋਕਾਂ ਵਿੱਚੋਂ 981 ਜਣਿਆਂ ਨੂੰ ਲੈ ਕੇ ਅੱਜ ਭਾਰਤੀ ਹਵਾਈ ਫੌਜ ਅਤੇ ਏਅਰ ਇੰਡੀਆ ਐੱਕਸਪ੍ਰੈੱਸ ਦੀਆਂ ਪੰਜ ਉਡਾਣਾਂ ਗਾਜ਼ੀਆਬਾਦ ਅਤੇ ਮੁੰਬਈ ਪਹੁੰਚੀਆਂ ਹਨ।
ਭਾਰਤੀ ਹਵਾਈ ਫੌਜ ਨੇ ਅੱਜ ਦੱਸਿਆ ਕਿ ਉਸ ਨੇ ਆਪਣੀਆਂ ਚਾਰ ਉਡਾਣਾਂ ਰਾਹੀਂ 798 ਭਾਰਤੀਆਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ, ਹੰਗਰੀ ਦੀ ਬੁਡਾਪੈਸਟ ਅਤੇ ਪੋਲੈਂਡ ਦੇ ਸ਼ਹਿਰ ਰਜ਼ੇਜ਼ੋ ਤੋਂ ਅੱਜ ਸਵੇਰੇ ਹਿੰਡਨ ਏਅਰਬੇਸ (ਗਾਜ਼ੀਆਬਾਦ) ’ਤੇ ਲਿਆਂਦਾ ਹੈ। ਇਸੇ ਦੌਰਾਨ ਏਅਰ ਇੰਡੀਆ ਐਕਸਪ੍ਰੈੱਸ ਦੀ ਇੱਕ ਉਡਾਣ ਯੂੁਕਰੇਨ ਵਿੱਚੋਂ ਬਚਾਏ 183 ਭਾਰਤੀ ਲੋਕਾਂ ਨੂੰ ਲੈ ਕੇ ਮੁੰਬਈ ਹਵਾਈ ਅੱਡੇ ’ਤੇ ਪੁੱਜੀ ਹੈ। ਦੂਜੇ ਪਾਸੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਵੱਖ-ਵੱਖ ਉਡਾਣਾਂ ਰਾਹੀਂ 74 ਸੌ ਤੋਂ ਵੱਧ ਹੋਰ ਭਾਰਤੀਆਂ ਨੂੰ ਵਤਨ ਲਿਆਂਦੇ ਜਾਣ ਦੀ ਸੰਭਾਵਨਾ ਹੈ।
ਹਵਾਈ ਫ਼ੌਜ ਨੇ ਦੱਸਿਆ ਕਿ ਉਸ ਦੀ ਪਹਿਲੀ ਉਡਾਣ ਬੁਖਾਰੈਸਟ ਤੋਂ 200 ਲੋਕਾਂ ਨੂੰ ਲੈ ਕੇ ਤੜਕੇ 1.30 ਵਜੇ ਜਦਕਿ ਬੁਡਾਪੈਸਟ ਤੋਂ ਦੂਜੀ ਉਡਾਣ 210 ਲੋਕਾਂ ਨੂੰ ਲੈ ਕੇ ਅੱਜ ਸਵੇਰੇ ਇੱਥੇ ਪੁੱਜੀ। ਇਸ ਤੋਂ ਕੁਝ ਸਮੇਂ ਬਾਅਦ ਹੀ ਤੀਜੀ ਉਡਾਣ ਰਜ਼ੇਜ਼ੋ ਤੋਂ 208 ਭਾਰਤੀਆਂ ਨੂੰ ਲੈ ਕੇ ਵਤਨ ਪਹੁੰਚੀ। ਹਵਾਈ ਫੌਜ ਨੇ ਇੱਕ ਬਿਆਨ ’ਚ ਦੱਸਿਆ, ‘‘ਭਾਰਤੀ ਹਵਾਈ ਫੌਜ ਦਾ ਚੌਥਾ ਸੀ-17 ਜਹਾਜ਼ ਸਵੇਰੇ 8.10 ਵਜੇ ਗਾਜ਼ੀਆਬਾਦ ’ਚ ਹਿੰਡਨ ਏਅਰਬੇਸ ’ਤੇ ਉੱਤਰਿਆ। ਇਸ ਵਿੱਚ ਸਵਾਰ 180 ਯਾਤਰੀਆਂ ਵਿੱਚ ਬਹੁਤੇ ਵਿਦਿਆਰਥੀ ਸਨ।’’ ਇਨ੍ਹਾਂ ਚਾਰੋਂ ਉਡਾਣਾਂ ਲਈ ਹਵਾਈ ਫੌਜ ਦੇ ਢੋਆ-ਢੁਆਈ ਵਾਲੇ ਸੀ-17 ਜਹਾਜ਼ਾਂ ਦੀ ਵਰਤੋਂ ਕੀਤੀ ਗਈ। ਬਚਾਅ ਕੇ ਲਿਆਂਦੇ ਯਾਤਰੀਆਂ ਦੇ ਸਵਾਗਤ ਲਈ ਰਾਜ ਰੱਖਿਆ ਮੰਤਰੀ ਅਜੈ ਭੱਟ ਵੀ ਮੌਜੂਦ ਸਨ। ਉਨ੍ਹਾਂ ਨੇ ਇੱਥੇ ਪਹੁੰਚੇ ਯਾਤਰੀਆਂ ਨਾਲ ਗੱਲਬਾਤ ਕੀਤੀ।
ਏਅਰ ਇੰਡੀਆ ਐੱਕਸਪ੍ਰੈੱਸ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਬੁਖਾਰੈਸਟ ਤੋਂ 182 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਉਡਾਣ ਅੱਜ ਸਵੇਰੇ 5.40 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜ਼ੀ ਮਹਾਰਾਜ ਹਵਾਈ ਅੱਡੇ ’ਤੇ ਪਹੁੰਚੀ। ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਨੇ ਏਅਰ ਇੰਡੀਆ ਐਕਸਪ੍ਰੈੱਸ ਉਡਾਣ IX 1202 ਰਾਹੀਂ ਇੱਥੇ ਪਹੁੰਚੇ ਯਾਤਰੀਆਂ ਦਾ ਸਵਾਗਤ ਕੀਤਾ। ਏਅਰ ਇੰਡੀਆ ਦੇ ਤਰਜਮਾਨ ਮੁਤਾਬਕ ਹਵਾਈ ਕਰੀਅਰ ਵੱਲੋਂ ਭਾਰਤੀ ਲੋਕਾਂ ਨੂੰ ਲਿਆਉਣ ਲਈ ਅੱਜ ਦੋ ਹੋਰ ਉਡਾਣਾਂ ਕੋਚੀ ਤੋਂ ਬੁਡਾਪੈਸਟ (ਹੰਗਰੀ) ਅਤੇ ਮੁੰਬਈ ਤੋਂ ਬੁਖਾਰੈਸਟ (ਰੋਮਾਨੀਆ) ਭੇਜੀਆਂ ਗਈਆਂ ਹਨ। ਇਹ ਉਡਾਣਾਂ ਸ਼ੁੱਕਰਵਾਰ ਸਵੇਰੇ 8 ਅਤੇ 10 ਵਜੇ ਮੁੰਬਈ ਵਾਪਸ ਪਹੁੰਚਣ ਦੀ ਸੰਭਾਵਨਾ ਹੈ। ਇਸੇ ਦੌਰਾਨ ਉਡਾਣ ਰਾਹੀਂ ਮੁੰਬਈ ਪਹੁੰਚੇ ਯਾਤਰੀਆਂ ਵਿੱਚੋਂ ਕੁਝ ਨੇ ਦੱਸਿਆ ਕਿ ਯੂਕਰੇਨ ਦੇ ਪੂਰਬੀ ਇਲਾਕੇ ਵਿੱਚ ਹਾਲੇ ਵੀ ਬਹੁਤ ਸਾਰੇ ਵਿਦਿਆਰਥੀ ਫਸੇ ਹੋਏ ਹਨ, ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਇਸ ਵੇਲੇ ਯੂਕਰੇਨ ਵਿਚ ਵਿਦਿਆਰਥੀ ਸਹਿਮ ਵਿਚ ਹਨ। ਕਈ ਵਿਦਿਆਰਥੀਆਂ ਨੂੰ ਰੋਟੀ ਪਾਣੀ ਦੇ ਬਿਨਾਂ ਲੰਮਾ ਸਮਾਂ ਗੁਜ਼ਾਰਨਾ ਪੈ ਰਿਹਾ ਹੈ। ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਜਾਵੇ।
ਦੋ ਦਿਨਾਂ ’ਚ 7,400 ਤੋਂ ਵੱਧ ਭਾਰਤੀ ਵਤਨ ਲਿਆਂਦੇ ਜਾਣਗੇ: ਹਵਾਈ ਮੰਤਰਾਲਾ
ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਅਗਲੇ ਦੋ ਦਿਨਾਂ ਦੌਰਾਨ ਯੂਕਰੇਨ ਦੇ ਗੁਆਂਂਢੀ ਮੁਲਕਾਂ ਵਿੱਚੋਂ ਵਿਸ਼ੇਸ਼ ਉਡਾਣਾਂ ਰਾਹੀਂ 7,400 ਤੋਂ ਵੱਧ ਹੋਰ ਭਾਰਤੀਆਂ ਨੂੰ ਵਤਨ ਲਿਆਂਦੇ ਜਾਣ ਦੀ ਸੰਭਾਵਨਾ ਹੈ। ਮੰਤਰਾਲੇ ਵੱਲੋਂ ਬਿਆਨ ਵਿੱਚ ਦੱਸਿਆ ਗਿਆ ਕਿ ਭਾਰਤੀ ਹਵਾਈ ਕੰਪਨੀਆਂ ਏਅਰ ਇੰਡੀਆ ਐਕਸਪ੍ਰੈੱਸ, ਏਅਰ ਇੰਡੀਆ, ਸਪਾਈਸ ਜੈੱਟ, ਇੰਡੀਗੋ, ਵਿਸਤਾਰਾ ਅਤੇ ਗੋ-ਫਸਟ ਵੱਲੋਂ ਸ਼ੁੱਕਰਵਾਰ ਨੂੰ ਕੁੱਲ 17 ਉਡਾਣਾਂ ਚਲਾਏ ਜਾਣ ਦੀ ਸੰਭਾਵਨਾ ਹੈ। ਬਿਆਨ ਮੁਤਾਬਕ ਸ਼ੁੱਕਰਵਾਰ ਨੂੰ 3,500 ਅਤੇ ਸ਼ਨਿਚਰਵਾਰ ਨੂੰ 3,900 ਤੋਂ ਵੱਧ ਲੋਕਾਂ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਜਲਦੀ ਕਰਵਾਈ ਜਾਵੇਗੀ। -ਪੀਟਆਈ
ਸਲੋਵਾਕੀਆ ਪੁੱਜੇ ਵਿਦਿਆਰਥੀਆਂ ਨੂੰ ਮਿਲੇ ਕੇਂਦਰੀ ਮੰਤਰੀ ਰਿਜਿਜੂ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਯੂਕਰੇਨ ਵਿੱਚ ਵਿਗੜ ਰਹੇ ਹਾਲਾਤ ਦੌਰਾਨ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਸਲੋਵਾਕੀਆ ਪੁੱਜੇ ਵਿਦਿਆਰਥੀਆਂ ਨਾਲ ਅੱਜ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਸਲੋਵਾਕੀਆ ਵਿੱਚ ਵਿਦਿਆਰਥੀਆਂ ਦਾ ਪੁੱਜਣਾ ਲਗਾਤਾਰ ਜਾਰੀ ਹੈ ਅਤੇ ਇਹ ਗਿਣਤੀ 700 ਤੱਕ ਪੁੱਜ ਚੁੱਕੀ ਹੈ। ਇਹ ਵਿਦਿਆਰਥੀ ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਸਬੰਧਤ ਹਨ। ਕੇਂਦਰੀ ਮੰਤਰੀ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਉਹ ਜਲਦੀ ਆਪਣੇ ਪਰਿਵਾਰਕ ਮੈਂਬਰਾਂ ਕੋਲ ਪੁੱਜ ਜਾਣਗੇ, ਜਿਸ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਹੈ। ਸ੍ਰੀ ਰਿਜਿਜੂ ਨੇ ਵਿਦਿਆਰਥੀਆਂ ਕੋਲੋਂ ਸਲੋਵਾਕੀਆ ਵਿੱਚ ਰਹਿਣ ਅਤੇ ਖਾਣ-ਪੀਣ ਦੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਸਾਰਿਆਂ ਨੂੰ ਹੀ ਜਲਦੀ ਭਾਰਤ ਲਿਆਉਣ ਲਈ ਵੱਧ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਭਾਰਤ ਤੋਂ ਵਿਸ਼ੇਸ਼ ਹਵਾਈ ਜਹਾਜ਼ ਮੰਗਵਾਏ ਜਾ ਰਹੇ ਹਨ ਤਾਂ ਜੋ ਇਹ ਸਾਰੇ ਵਿਦਿਆਰਥੀ ਵਤਨ ਪਰਤ ਸਕਣ। ਵਿਦਿਆਰਥੀਆਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇੱਥੇ ਰਹਿਣ ਅਤੇ ਖਾਣ-ਪੀਣ ਦੇ ਪ੍ਰਬੰਧ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਜਲਦੀ ਉਨ੍ਹਾਂ ਨੂੰ ਘਰ ਭੇਜਣ ਦਾ ਪ੍ਰਬੰਧ ਕਰੇ।