ਨਵੀਂ ਦਿੱਲੀ, 2 ਜੁਲਾਈ
ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਉਦੈਪੁਰ ’ਚ ਇੱਕ ਦਰਜ਼ੀ ਦੀ ਹੱਤਿਆ ’ਚ ਸ਼ਾਮਲ ਦੋ ਮੁਲਜ਼ਮਾਂ ’ਚੋਂ ਇੱਕ ਭਾਜਪਾ ਦਾ ਮੈਂਬਰ ਹੈ। ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਇੱਥੇ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਕੇਂਦਰ ਨੂੰ ਸਵਾਲ ਕੀਤਾ ਕਿ ਕੀ ਇੱਕ ਮੁਲਜ਼ਮ ਦੇ ਭਾਜਪਾ ਦਾ ਮੈਂਬਰ ਹੋਣ ਕਾਰਨ ਹੀ ਕੇਂਦਰ ਸਰਕਾਰ ਨੇ ਜਲਦਬਾਜ਼ੀ ਵਿੱਚ ਇਹ ਕੇਸ ਐੱਨਆਈਏ ਹਵਾਲੇ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਮੀਡੀਆ ਗਰੁੱਪ ਨੇ ਬਹੁਤ ਹੀ
ਸੰਵੇਦਨਸ਼ੀਲ ਖੁਲਾਸਾ ਕੀਤਾ ਹੈ ਕਿ ਉਦੈਪੁਰ ਘਟਨਾ ਦਾ ਇੱਕ ਮੁਲਜ਼ਮ ਰਿਆਜ਼ ਅੱਤਰੀ ਭਾਜਪਾ ਨਾਲ ਸਬੰਧਤ ਹੈ। ਕੁਝ ਰਿਪੋਰਟਾਂ ਵਿੱਚ ਮੁਲਜ਼ਮ ਨੂੰ ਰਿਆਜ਼ ਅਖਤਾਰੀ ਦੱਸਿਆ ਗਿਆ ਹੈ। ਉਨ੍ਹਾਂ ਰਿਆਜ਼ ਦੀਆਂ ਭਾਜਪਾ ਆਗੂਆਂ ਇਰਸ਼ਾਦ ਚੈਨਵਾਲਾ ਤੇ ਮੁਹੰਮਦ ਤਾਹਿਰ ਨਾਲ ਖਿਚਵਾਈਆਂ ਤਸਵੀਰਾਂ ਵੀ ਮੀਡੀਆ ਨੂੰ ਦਿਖਾਈਆਂ। ਖੇੜਾ ਨੇ ਪ੍ਰੈੱਸ ਕਾਨਫਰੰਸ ਮਗਰੋਂ ਟਵੀਟ ਕੀਤਾ, ‘ਕਨ੍ਹੱਈਆ ਲਾਲ ਦਾ ਕਾਤਲ ਰਿਆਜ਼ ਅੱਤਰੀ ਭਾਜਪਾ ਦਾ ਮੈਂਬਰ ਹੈ।’ ਇਸ ਤੋਂ ਪਹਿਲਾਂ ਦਿਨੇ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਾਂਗਰਸ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਇਨ੍ਹਾਂ ਖ਼ਬਰਾਂ ਨੂੰ ਫਰਜ਼ੀ ਕਰਾਰ ਦਿੱਤਾ। -ਪੀਟੀਆਈ
ਹੱਤਿਆ ਦਾ ਮੁੱਖ ਮੁਲਜ਼ਮ ਪਾਰਟੀ ਦਾ ਮੈਂਬਰ ਨਹੀਂ: ਭਾਜਪਾ
ਜੈਪੁਰ: ਭਾਜਪਾ ਘੱਟ ਗਿਣਤੀ ਮੋਰਚਾ ਨੇ ਅੱਜ ਇਹ ਦੋਸ਼ ਖਾਰਜ ਕਰ ਦਿੱਤੇ ਕਿ ਉਦੈਪੁਰ ਦੇ ਕਨ੍ਹੱਈਆ ਲਾਲ ਹੱਤਿਆ ਕਾਂਡ ਦਾ ਮੁੱਖ ਮੁਲਜ਼ਮ ਭਾਜਪਾ ਦਾ ਮੈਂਬਰ ਹੈ। ਰਿਆਜ਼ ਅਖਤਾਰੀ ਦੀ ਕੁਝ ਸਥਾਨਕ ਭਾਜਪਾ ਆਗੂਆਂ ਨਾਲ ਤਸਵੀਰ ਸਾਹਮਣੇ ਆਉਣ ਮਗਰੋਂ ਭਾਜਪਾ ਘੱਟ ਗਿਣਤੀ ਮੋਰਚਾ ਦੀ ਸੂਬਾਈ ਇਕਾਈ ਦੇ ਪ੍ਰਧਾਨ ਸਾਦਿਕ ਖਾਨ ਨੇ ਕਿਹਾ ਕਿ ਤਸਵੀਰ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਮੁਲਜ਼ਮ ਭਾਜਪਾ ਦਾ ਮੈਂਬਰ ਹੈ। ਸਾਦਿਕ ਨੇ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਆਗੂ ਨਾਲ ਤਸਵੀਰ ਖਿਚਵਾ ਸਕਦਾ ਹੈ। -ਪੀਟੀਆਈ