ਸ੍ਰੀਨਗਰ, 11 ਮਾਰਚ
ਜੰਮੂ ਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਰਾਤ ਸਮੇਂ ਹੋਏ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦੇ ਦੋ ਦਹਿਸ਼ਤਗਰਦ ਮਾਰੇ ਗਏ। ਪੁਲੀਸ ਮੁਤਾਬਕ ਜ਼ਿਲ੍ਹੇ ਦੇ ਬਿਜਬਹੇੜਾ ਇਲਾਕੇ ’ਚ ਸਥਿਤ ਕਾਂਦੀਪੋਰਾ ’ਚ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਸੂਚਨਾ ਮਿਲਣ ’ਤੇ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ।
ਇਸ ਦੌਰਾਨ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਨੂੰ ਆਤਮ-ਸਮਰਪਣ ਕਰਨ ਦਾ ਮੌਕਾ ਵੀ ਦਿੱਤਾ ਪਰ ਉਨ੍ਹਾਂ ਵੱਲੋਂ ਸੁਰੱਖਿਆ ਜਵਾਨਾਂ ’ਤੇ ਗੋਲੀਬਾਰੀ ਕਰਨ ਕਾਰਨ ਜੁਆਬੀ ਕਾਰਵਾਈ ਕੀਤੀ ਗਈ, ਜੋ ਬਾਅਦ ’ਚ ਮੁਕਾਬਲੇ ’ਚ ਬਦਲ ਗਈ। ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਆਦਿਲ ਅਹਿਮਦ ਭੱਟ ਅਤੇ ਜ਼ਾਹਿਦ ਅਹਿਮਦ ਰਾਥੇਰ ਵਜੋਂ ਹੋਈ ਹੈ। ਪੁਲੀਸ ਮੁਤਾਬਕ ਇਨ੍ਹਾਂ ਦੋਵਾਂ ਦਹਿਸ਼ਤਗਰਦਾਂ ਦੀ ਕਈ ਦਹਿਸ਼ਤੀ ਅਪਰਾਧਾਂ ਸਬੰਧੀ ਮਾਮਲਿਆਂ ’ਚ ਸ਼ਮੂਲੀਅਤ ਰਹੀ ਸੀ, ਜਿਨ੍ਹਾਂ ’ਚ ਸੁਰੱਖਿਆ ਬਲਾਂ ’ਤੇ ਹਮਲਿਆਂ ਤੋਂ ਇਲਾਵਾ ਆਮ ਲੋਕਾਂ ਨਾਲ ਵਧੀਕੀਆਂ ਵੀ ਸ਼ਾਮਲ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਭੜਕਾਊ ਸਮੱਗਰੀ ਵੀ ਬਰਾਮਦ ਹੋਈ ਹੈ, ਜਿਸ ਵਿੱਚ ਹਥਿਆਰ ਤੇ ਅਸਲਾ ਵੀ ਸ਼ਾਮਲ ਹੈ। -ਪੀਟੀਆਈ