ਸ੍ਰੀਨਗਰ, 25 ਫਰਵਰੀ
ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਹੋਏ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦ ਅਤੇ ਇਕ ਆਮ ਨਾਗਰਿਕ ਹਲਾਕ ਹੋ ਗਏ। ਇਹ ਮੁਕਾਬਲਾ ਸ਼ੋਪੀਆਂ ਦੇ ਅਮਸ਼ੀਪੋਰਾ ਪਿੰਡ ’ਚ ਹੋਇਆ ਅਤੇ ਸੁਰੱਖਿਆ ਬਲਾਂ ਨੇ ਰਾਤ ਤੋਂ ਹੀ ਅਤਿਵਾਦੀਆਂ ਨੂੰ ਘੇਰਾ ਪਾਇਆ ਹੋਇਆ ਸੀ। ਜਦੋਂ ਅਤਿਵਾਦੀਆਂ ਦੀ ਭਾਲ ’ਚ ਤਲਾਸ਼ੀ ਲਈ ਜਾ ਰਹੀ ਸੀ ਤਾਂ ਦੋ ਅਤਿਵਾਦੀ ਇਕ ਘਰ ’ਚੋਂ ਬਾਹਰ ਨਿਕਲੇ ਅਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਕਾਰਨ ਅਮਸ਼ੀਪੋਰਾ ਦਾ ਵਸਨੀਕ ਸ਼ਕੀਲ ਅਹਿਮਦ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਜੋ ਬਾਅਦ ’ਚ ਦਮ ਤੋੜ ਗਿਆ। ਇਸ ਮਗਰੋਂ ਮੁਕਾਬਲੇ ’ਚ ਅਤਿਵਾਦੀ ਵੀ ਮਾਰੇ ਗਏ ਜਿਨ੍ਹਾਂ ਦੀ ਪਛਾਣ ਮੁਜ਼ੰਮਿਲ ਅਹਿਮਦ ਮੀਰ ਅਤੇ ਸ਼ਰੀਕ ਅਯੂਬ ਵਜੋਂ ਹੋਈ ਹੈ। ਪੁਲੀਸ ਰਿਕਾਰਡ ਮੁਤਾਬਕ ਦੋਵੇਂ ਅਤਿਵਾਦੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਸਨ ਅਤੇ ਉਹ ਕਈ ਦਹਿਸ਼ਤੀ ਘਟਨਾਵਾਂ ’ਚ ਸ਼ਾਮਲ ਸਨ। ਮੁਕਾਬਲੇ ਵਾਲੀ ਥਾਂ ਤੋਂ ਇਤਰਾਜ਼ਯੋਗ ਸਮੱਗਰੀ, ਏਕੇ-56 ਰਾਈਫਲ, ਦੋ ਏਕੇ ਮੈਗਜ਼ੀਨਾਂ, ਇਕ ਚੀਨੀ ਪਿਸਤੌਲ, ਪਿਸਤੌਲ ਦੀ ਇਕ ਮੈਗਜ਼ੀਨ ਅਤੇ 26 ਰੌਂਦ ਬਰਾਮਦ ਹੋਏ ਹਨ। -ਪੀਟੀਆਈ