ਮੁੰਬਈ, 2 ਜੁਲਾਈ
ਮਹਾਰਾਸ਼ਟਰ ਅਸੈਂਬਲੀ ਦਾ ਦੋ ਰੋਜ਼ਾ ਵਿਸ਼ੇਸ਼ ਇਜਲਾਸ ਐਤਵਾਰ ਨੂੰ ਸ਼ੁਰੂ ਹੋਵੇਗਾ। ਏਕਨਾਥ ਸ਼ਿੰਦੇ ਸਰਕਾਰ 4 ਜੁਲਾਈ ਨੂੰ ਅਸੈਂਬਲੀ ਵਿੱਚ ਬਹੁਮਤ ਸਾਬਤ ਕਰੇਗੀ। ਭਲਕੇ ਹੋਣ ਵਾਲੀ ਸਪੀਕਰ ਦੀ ਚੋਣ ਲਈ ਭਾਜਪਾ ਵਿਧਾਇਕ ਰਾਹੁਲ ਨਾਰਵੇਕਰ ਤੇ ਮਹਾ ਵਿਕਾਸ ਅਘਾੜੀ ਗੱਠਜੋੜ ਵੱਲੋਂ ਸ਼ਿਵ ਸੈਨਾ ਵਿਧਾਇਕ ਰਾਜਨ ਸਾਲਵੀ ਨੇ ਨਾਮਜ਼ਦਗੀ ਦਾਖਲ ਕੀਤੀ ਹੈ। ਨਾਰਵੇਕਰ ਮੁੰਬਈ ਦੇ ਕੋਲਾਬਾ ਅਸੈਂਬਲੀ ਹਲਕੇ ਦੀ ਨੁਮਾਇੰਦੀ ਕਰਦੇ ਹਨ ਜਦੋਂਕਿ ਸਾਲਵੀ ਰਤਨਾਗਿਰੀ ਜ਼ਿਲ੍ਹੇ ਦੇ ਰਾਜਾਪੁਰ ਹਲਕੇ ਤੋਂ ਵਿਧਾਇਕ ਹਨ।
ਤਿੰਨ ਤੇ ਚਾਰ ਜੁਲਾਈ ਲਈ ਸੱਦੇ ਵਿਸ਼ੇਸ਼ ਸੈਸ਼ਲ ਦੌਰਾਨ ਐਤਵਾਰ ਨੂੰ ਸਪੀਕਰ ਦੀ ਚੋਣ ਹੋਵੇਗੀ ਜਦੋਂਕਿ ਨਵੇਂ ਚੁਣੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਗਲੇ ਦਿਨ (ਸੋਮਵਾਰ ਨੂੰ) ਬਹੁਮਤ ਸਾਬਤ ਕਰਨਗੇ। -ਪੀਟੀਆਈ
ਸ਼ਿੰਦੇ ਨੂੰ ਸ਼ਿਵ ਸੈਨਾ ਆਗੂ ਵਜੋਂ ਹਟਾਉਣ ਦੇ ਫ਼ੈਸਲੇ ਨੂੰ ਚੁਣੌਤੀ ਦੇਵਾਂਗੇ: ਕੇਸਰਕਰ
ਮੁੰਬਈ/ਪਣਜੀ: ਵਿਧਾਇਕ ਦੀਪਕ ਕੇਸਰਕਰ ਨੇ ਕਿਹਾ ਕਿ ਉਹ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਵੱਲੋਂ ਇਕ ਪੱਤਰ ਰਾਹੀਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ‘ਸ਼ਿਵ ਸੈਨਾ ਆਗੂ’ ਦੇ ਅਹੁਦੇ ਤੋਂ ਹਟਾਉਣ ਸਬੰਧੀ ਫੈਸਲੇ ਨੂੰ ਢੁਕਵੇਂ ਮੰਚ ’ਤੇ ਚੁਣੌਤੀ ਦੇਣਗੇ। ਗੋਆ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਸਰਕਰ ਨੇ ਕਿਹਾ ਕਿ ਬਹੁਗਿਣਤੀ ਸੈਨਾ ਵਿਧਾਇਕਾਂ ਨੇ ਸ਼ਿੰਦੇ ਨੂੰ ਪਾਰਟੀ ਵਿਧਾਇਕ ਦਲ ਦਾ ਆਗੂ ਚੁਣਿਆ ਹੈ। ਸ਼ਿੰਦੇ ਨੂੰ ਹਟਾਉਣ ਲਈ ਜਾਰੀ ਪੱਤਰ ਮਹਾਰਾਸ਼ਟਰ ਦੇ ਲੋਕਾਂ ਦਾ ਅਪਮਾਨ ਹੈ। ਸ਼ਿੰਦੇ ਹਾਊਸ ਵਿੱਚ ਸਾਡੇ ਆਗੂ ਰਹਿਣਗੇ। -ਪੀਟੀਆਈ
ਮੁੰਬਈ ਖੋਹਣ ਲਈ ਹੀ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਇਆ: ਰਾਊਤ
ਮੁੰਬਈ: ਸ਼ਿਵ ਸੈਨ ਆਗੂ ਸੰਜੈ ਰਾਊਤ ਨੇ ਕਿਹਾ ਕਿ ਬਾਲ ਠਾਕਰੇ ਦੀ ਸ਼ਿਵ ਸੈਨਾ ਤੋਂ ਮੁੰਬਈ ਖੋਹਣ ਲਈ ਹੀ ਭਾਜਪਾ ਨੇ ਏਕਨਾਥ ਸ਼ਿੰਦੇ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਇਆ ਹੈ। ਠਾਕਰੇ ਨੇ ‘ਪਾਰਟੀ ਵਿਰੋਧੀ ਸਰਗਰਮੀਆਂ’ ਲਈ ਸ਼ਿੰਦੇ ਨੂੰ ‘ਸ਼ਿਵ ਸੈਨਾ ਆਗੂ’ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ। ਰਾਊਤ ਨੇ ਕਿਹਾ, ‘‘ਊਧਵ ਠਾਕਰੇ ਨੇ ਲੰਘੇ ਦਿਨ ਹੀ ਸਾਫ਼ ਕਰ ਦਿੱਤਾ ਸੀ ਕਿ ਸ਼ਿੰਦੇ ਦਾ ਸ਼ਿਵ ਸੈਨਾ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਹੁਣ ਇਹ ਗੱਲ ਵੀ ਸਾਫ਼ ਹੋ ਗਈ ਹੈ ਕਿ ਮੁੰਬਈ, ਜਿੱਥੇ ਸਾਲ ਦੇ ਅਖੀਰ ਨੂੰ ਬੀਐੱਮਸੀ ਚੋਣਾਂ ਹੋਣੀਆਂ ਹਨ, ਵਿੱਚ ਸ਼ਿਵ ਸੈਨਾ ਨੂੰ ਹਰਾਉਣ ਲਈ ਸ਼ਿੰਦੇ ਨੂੰ ਵਰਤਿਆ ਗਿਐ।’’ ਰਾਊਤ ਨੇ ਕਿਹਾ ਕਿ ਕਾਂਗਰਸ ਵੀ ਕਈ ਵਾਰ ਟੁੱਟੀ, ਪਰ ਇੰਦਰਾ ਗਾਂਧੀ ਦੀ ਕਾਂਗਰਸ ਅਜੇ ਵੀ ਜਿਊਂਦੀ ਹੈ। ਇਸ ਲਈ ‘ਜਿੱਥੇ ਠਾਕਰੇ, ਉਥੇ ਸ਼ਿਵ ਸੈਨਾ ਹੈ।’ -ਪੀਟੀਆਈ