ਊਧਮਪੁਰ/ਜੰਮੂ, 29 ਸਤੰਬਰ
ਮੁੱਖ ਅੰਸ਼
- ਦੋ ਜਣੇ ਜ਼ਖ਼ਮੀ
- ਐੱਨਆਈਏ ਨੇ ਜਾਂਚ ਆਰੰਭੀ
- ਗੁੱਸੇ ’ਚ ਆਏ ਸਥਾਨਕ ਲੋਕਾਂ ਵੱਲੋਂ ਪਾਕਿਸਤਾਨ ਖਿਲਾਫ਼ ਪ੍ਰਦਰਸ਼ਨ
ਜੰਮੂ ਕਸ਼ਮੀਰ ਦੇ ਊਧਮਪੁਰ ਵਿੱਚ ਅੱਜ ਸਵੇਰੇ ਖੜ੍ਹੀ ਬੱਸ ਵਿੱਚ ਧਮਾਕਾ ਹੋਇਆ। ਸ਼ਹਿਰ ਵਿੱਚ ਨੌਂ ਘੰਟਿਆਂ ਦੇ ਵਕਫ਼ੇ ਵਿੱਚ ਹੋਇਆ ਇਹ ਦੂਜਾ ਧਮਾਕਾ ਸੀ। ਪਹਿਲਾ ਧਮਾਕਾ ਬੁੱਧਵਾਰ ਰਾਤ ਨੂੰ ਪੈਟਰੋਲ ਪੰਪ ਨੇੜੇ ਖੜ੍ਹੀ ਬੱਸ ਵਿੱਚ ਹੋਇਆ। ਉਪਰੋਥੱਲੀ ਹੋਏ ਇਨ੍ਹਾਂ ਧਮਾਕਿਆਂ ਵਿੱਚ ਕਿਸੇ ਜਾਨੀਂ ਨੁਕਸਾਨ ਤੋਂ ਬਚਾਅ ਰਿਹਾ, ਪਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਦੋਵਾਂ ਧਮਾਕਿਆਂ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਇਸ ਦੌਰਾਨ ਪੁਲੀਸ ਨੇ ਹਾਈ ਐਲਰਟ ਜਾਰੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਮੁਤਾਬਕ ਇਹ ਧਮਾਕੇ ਆਈਈਡੀ ਨਾਲ ਕੀਤੇ ਗਏ ਹਨ। ਧਮਾਕਿਆਂ ਵਾਲੀ ਥਾਂ ਦਾ ਦੌਰਾ ਕਰਨ ਵਾਲੇ ਜੰਮੂ ਖੇਤਰ ਦੇ ਵਧੀਕ ਡੀਜੀਪੀ ਮੁਕੇਸ਼ ਸਿੰਘ ਨੇ ਕਿਹਾ ਕਿ ਧਮਾਕਿਆਂ ਲਈ ਉੱਚ ਫਿਸਫੋਟਕ ਵਰਤੇ ਗਏ ਹਨ। ਊਧਮਪੁਰ ਵਿੱਚ ਉਪਰੋਥਲੀ ਦੋ ਧਮਾਕੇ ਅਜਿਹੇ ਮੌਕੇ ਹੋਏ ਹਨ ਜਦੋਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 4 ਅਕਤੂਬਰ ਨੂੰ ਜੰਮੂ ਕਸ਼ਮੀਰ ਆਉਣਾ ਹੈ। ਸ੍ਰੀ ਸ਼ਾਹ ਦੀ ਤਿੰਨ ਰੋਜ਼ਾ ਫੇਰੀ ਪਹਿਲਾਂ 30 ਸਤੰਬਰ ਨੂੰ ਸ਼ੁਰੂ ਹੋਣੀ ਸੀ, ਮਗਰੋਂ ਇਸ ਨੂੰ ਅੱਗੇ ਪਾ ਦਿੱਤਾ ਗਿਆ। ਏਡੀਜੀਪੀ ਮੁਕੇਸ਼ ਸਿੰਘ ਨੇ ਕਿਹਾ, ‘‘ਪਹਿਲਾ ਧਮਾਕਾ ਬੁੱਧਵਾਰ ਰਾਤ ਨੂੰ ਸਾਢੇ ਦਸ ਵਜੇ ਦੇ ਕਰੀਬ ਡੋਮੇਲ ਚੌਕ ’ਤੇ ਪੈਟਰੋਲ ਪੰਪ ਨੇੜੇ ਪਾਰਕ ਕੀਤੀ ਬੱਸ ਵਿੱਚ ਹੋਇਆ।
ਇਸ ਦੌਰਾਨ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਹ ਖ਼ਤਰੇ ਤੋਂ ਬਾਹਰ ਹਨ। ਦੂਜਾ ਧਮਾਕਾ ਬੱਸ ਸਟੈਂਡ ਵਿੱਚ ਖੜ੍ਹੀ ਬੱਸ ਵਿੱਚ ਹੋਇਆ, ਜੋ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਤੋਂ ਆਈ ਸੀ।’’ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਧਮਾਕੇ ’ਚ ਦੋ ਤੋਂ ਤਿੰਨ ਬੱਸਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਘਟਨਾ ਦੇ ਅਤਿਵਾਦ ਨਾਲ ਜੁੜੇ ਹੋਣ ਦੇ ਪਹਿਲੂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਫ਼ੌਜ ਦੇ ਬੰਬ ਨਿਰੋਧਕ ਦਸਤੇ ਸਣੇ ਵੱਖ ਵੱਖ ਟੀਮਾਂ ਕੇਸ ’ਤੇ ਕੰਮ ਕਰ ਰਹੀਆਂ ਹਨ। ਧਮਾਕੇ ਕਰਕੇ ਬੱਸ (ਜੇਕੇ14ਸੀ 3636) ਦਾ ਉਪਰਲਾ ਤੇ ਪਿਛਲਾ ਹਿੱਸਾ ਉੱਡ ਗਿਆ। ਡੀਆਈਜੀ ਊਧਮਪੁਰ-ਰਿਆਸੀ ਰੇਂਜ ਸੁਲੇਮਾਨ ਚੌਧਰੀ ਨੇ ਕਿਹਾ ਕਿ ਧਮਾਕੇ ਕਰਕੇ ਨੇੜੇ ਖੜ੍ਹੀਆਂ ਦੋ ਤਿੰਨ ਹੋਰ ਬੱਸਾਂ ਨੂੰ ਨੁਕਸਾਨ ਪੁੱਜਾ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਤੇ ਹੋਰਨਾਂ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਬੁੱਧਵਾਰ ਰਾਤ ਨੂੰ ਹੋਏ ਧਮਾਕੇ ਦੇ ਜ਼ਖ਼ਮੀਆਂ ਦੀ ਪਛਾਣ ਸੁਨੀਲ ਸਿੰਘ ਵਾਸੀ ਕਾਵਿਆ ਪ੍ਰਿੰਗਲਾ (ਰਾਮਨਗਰ) ਤੇ ਵਿਜੈ ਕੁਮਾਰ ਵਾਸੀ ਜਗਾਨੂੰ ਵਜੋਂ ਹੋਈ ਹੈ। ਦੋਵਾਂ ਨੂੰ ਊਧਮਪੁਰ ਦੇ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਧਮਾਕਿਆਂ ਮਗਰੋਂ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਊਧਮਪੁਰ ਵਿੱਚ ਤਿੰਨ ਥਾਵਾਂ ’ਤੇ ਪਾਕਿਸਤਾਨ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਪਾਕਿਸਤਾਨ ਦਾ ਪੁਤਲਾ ਫੂਕਦਿਆਂ ਗੁਆਂਢੀ ਦੇਸ਼ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਅਤਿਵਾਦੀਆਂ ਦੇ ਮਨਸੂਬੇ ਨਾਕਾਮ ਕਰਨ ਅਤੇ ਡਰ ਦਾ ਮਾਹੌਲ ਖ਼ਤਮ ਕਰਨ ਲਈ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨਰਾਤਿਆਂ ਦੇ ਤਿਉਹਾਰ ਅਤੇ ਚਾਰ ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਦੇ ਬਾਵਜੂਦ ਸੁਰੱਖਿਆ ਯਕੀਨੀ ਬਣਾਉਣ ’ਚ ਨਾਕਾਮ ਰਹਿਣ ਲਈ ਸੁਰੱਖਿਆ ਏਜੰਸੀਆਂ ਦੀ ਨਿਖੇਧੀ ਵੀ ਕੀਤੀ। ਇਸ ਦੌਰਾਨ ਸ਼ਿਵ ਸੈਨਾ, ਬਜਰੰਗ ਦਲ ਅਤੇ ਡੋਗਰਾ ਫਰੰਟ ਨੇ ਵੀ ਪ੍ਰਦਰਸ਼ਨ ਕਰਦਿਆਂ ਧਮਾਕਿਆਂ ਨੂੰ ਅੰਜਾਮ ਦੇਣ ਵਾਲਿਆਂ ਦਾ ਪਰਦਾਫਾਸ਼ ਕਰਨ ਦੀ ਮੰਗ ਕੀਤੀ। ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ (ਜੇਕੇਪੀਸੀਸੀ) ਦੇ ਪ੍ਰਧਾਨ ਗੁਲਾਮ ਅਹਿਮਦ ਮੀਰ ਨੇ ਇਨ੍ਹਾਂ ਧਮਾਕਿਆਂ ਦੀ ਨਿਖੇਧੀ ਕਰਦਿਆਂ ਇਸ ਨੂੰ ਹੈਰਾਨ ਕਰਨ ਵਾਲਾ ਅਤੇ ਸ਼ਰਮਨਾਕ ਦੱਸਿਆ ਹੈ। -ਪੀਟੀਆਈ