ਨਵੀਂ ਦਿੱਲੀ, 28 ਜੂਨ
ਆਪਣੀ ਵੈੱਬਸਾਈਟ ’ਤੇ ਪਾਏ ਭਾਰਤ ਦੇ ਨਕਸ਼ੇ ਵਿੱਚ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਨੂੰ ਵੱਖਰੇ ਮੁਲਕ ਵਜੋਂ ਵਿਖਾਉਣ ਲਈ ਮਿਲੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਮਗਰੋਂ ਮਾਈਕਰੋਬਲੌਗਿੰਗ ਸਾਈਟ ਟਵਿੱਟਰ ਨੇ ਅੱਜ ਰਾਤੀਂ ਆਪਣੀ ਵੈੱਬਸਾਈਟ ਤੋਂ ਇਸ ਵਿਵਾਦਿਤ ਨਕਸ਼ੇ ਨੂੰ ਹਟਾ ਦਿੱਤਾ ਹੈ। ਟਵਿੱਟਰ ਵਰਤੋਂਕਾਰਾਂ ਨੇ ਭਾਰਤ ਦੇ ਨਕਸ਼ੇ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲਈ ਮਾਈਕਰੋਬਲੌਗਿੰਗ ਸਾਈਟ ’ਤੇ ਰੱਜ ਕੇ ਗੁੱਸਾ ਕੱਢਦਿਆਂ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਉਧਰ ਸਰਕਾਰੀ ਸੂਤਰਾਂ ਨੇ ਟਵਿੱਟਰ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ ਕਿਉਂਕਿ ਦੇਸ਼ ਦੇ ਨਕਸ਼ੇ ਨਾਲ ਛੇੜਛਾੜ ਗ਼ੰਭੀਰ ਅਪਰਾਧ ਹੈ। ਸੂਤਰਾਂ ਨੇ ਕਿਹਾ ਕਿ ਟਵਿੱਟਰ ਦੀ ਇਸ ਕਾਰਵਾਈ ਲਈ ਉਸ ਖ਼ਿਲਾਫ਼ ਵਿੱਤੀ ਪਾਬੰਦੀਆਂ ਲਾਉਣ ਤੋਂ ਇਲਾਵਾ ਸਬੰਧਤ ਅਧਿਕਾਰੀਆਂ ਨੂੰ ਸੱਤ ਸਾਲ ਦੀ ਜੇਲ੍ਹ ਤੇ ਆਈਟੀ ਨੇਮਾਂ ਦੀ ਧਾਰਾ 69ਏ ਤਹਿਤ ਸਾਈਟ ਨੂੰ ਬਲਾਕ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸੂਚਨਾ ਤਕਨੀਕ (ਆਈਟੀ) ਸਬੰਧੀ ਨਵੇਂ ਨੇਮਾਂ ਦੇ ਪਾਲਣ ਬਾਰੇ ਭਾਰਤ ਸਰਕਾਰ ਨਾਲ ਜਾਰੀ ਤਣਾਅ ਦਰਮਿਆਨ ਟਵਿੱਟਰ ਦੀ ਵੈੱਬਸਾਈਟ ’ਤੇ ਭਾਰਤ ਦੇ ਨਕਸ਼ੇ ਨੂੰ ਤੋੜ-ਮਰੋੜ ਕੇ ਵਿਖਾਇਆ ਗਿਆ ਸੀ। ਇਸ ਵਿਚ ਜੰਮੂ ਕਸ਼ਮੀਰ ਤੇ ਲੱਦਾਖ ਨੂੰ ਇਕ ਅਲੱਗ ਦੇਸ਼ ਦਿਖਾਇਆ ਗਿਆ ਹੈ। ਟਵਿੱਟਰ ਵੈੱਬਸਾਈਟ ਦੇ ਕਰੀਅਰ ਹਿੱਸੇ ਵਿਚ ‘ਟਵੀਪ ਲਾਈਫ’ ਸਿਰਲੇਖ ਤਹਿਤ ਇਹ ਸਪੱਸ਼ਟ ਗੜਗੜੀ ਨਜ਼ਰ ਆਉਂਦੀ ਹੈ। ਇਸ ’ਤੇ ਦੇਸ਼ਵਾਸੀਆਂ ਨੇ ਸਖ਼ਤ ਵਿਰੋਧ ਜਤਾਇਆ ਹੈ ਤੇ ਟਵਿੱਟਰ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ ਹੈ। ਇਸ ਸਬੰਧੀ ਟਵਿੱਟਰ ਨੂੰ ਭੇਜੀ ਗਈ ਈ-ਮੇਲ ਦਾ ਕੋਈ ਜਵਾਬ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਨਵੇਂ ਆਈਟੀ ਨਿਯਮਾਂ ਤਹਿਤ ਟਵਿੱਟਰ ਨੂੰ ਮਿਲੀ ਕਾਨੂੰਨੀ ਰਾਹਤ ਸਮਾਪਤ ਹੋ ਗਈ ਹੈ। -ਪੀਟੀਆਈ