ਨਵੀਂ ਦਿੱਲੀ: ਭਾਰਤ ਦੇ ਸੂਚਨਾ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਕਿਹਾ ਹੈ ਕਿ ਟਵਿੱਟਰ ਨਵੇਂ ਆਈਟੀ ਨੇਮਾਂ ਦੀ ਪਾਲਣਾ ਕਰਨ ਵਿਚ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਵੀ ਜਾਣਬੁੱਝ ਕੇ ਸੋਸ਼ਲ ਮੀਡੀਆ ਪਲੈਟਫਾਰਮ ਨੇ ਇਹ ਰਾਹ ਚੁਣਿਆ ਹੈ। ਟਵਿੱਟਰ ’ਤੇ ਵਰ੍ਹਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਖ਼ੁਦ ਨੂੰ ਵਿਚਾਰਾਂ ਦੇ ਆਜ਼ਾਦ ਪ੍ਰਗਟਾਵੇ ਦਾ ਝੰਡਾਬਰਦਾਰ ਦੱਸਦਾ ਹੈ, ਜਦੋਂ ਨੇਮਾਂ ਦੀ ਪਾਲਣਾ ਦਾ ਸਵਾਲ ਆਉਂਦਾ ਹੈ ਤਾਂ ਜਾਣਬੁੱਝ ਕੇ ਵਿਰੋਧ ਦਾ ਰਾਹ ਚੁਣਦਾ ਹੈ। ਪ੍ਰਸਾਦ ਨੇ ਇਹ ਬਿਆਨ ਭਾਰਤ ’ਚ ਬਣੇ ਮਾਈਕ੍ਰੋਬਲੌਗਿੰਗ ਪਲੈਟਫਾਰਮ ‘ਕੂ’ ਉਤੇ ਪੋਸਟ ਕੀਤੇ ਹਨ ਤੇ ਨਾਲ ਹੀ ਟਵੀਟ ਵੀ ਕੀਤੇ ਹਨ। ਉਨ੍ਹਾਂ ਕਿਹਾ ਕਿ ਟਵਿੱਟਰ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਬਿੇੜੇ ਲਈ ਕੋਈ ਢਾਂਚਾ ਕਾਇਮ ਕਰਨ ਵਿਚ ਨਾਕਾਮ ਰਿਹਾ ਹੈ ਜੋ ਕਿ ਭਾਰਤ ਦੇ ਕਾਨੂੰਨਾਂ ਮੁਤਾਬਕ ਲੋੜੀਂਦਾ ਹੈ। ਇਸ ਤੋਂ ਇਲਾਵਾ ਪਲੈਟਫਾਰਮ ਆਪਣੀ ਮਰਜ਼ੀ ਮੁਤਾਬਕ ਹੀ ਟਵੀਟਾਂ ਨੂੰ ‘ਮੈਨੀਪੁਲੇਟਡ’ ਮੀਡੀਆ ਦਾ ਟੈਗ ਦੇ ਰਿਹਾ ਹੈ। ਮੰਤਰੀ ਨੇ ਦਰਜ ਐਫਆਈਆਰ ਦੇ ਸੰਦਰਭ ਵਿਚ ਕਿਹਾ ਕਿ ਯੂਪੀ ਵਿਚ ਜੋ ਵੀ ਹੋਇਆ ਹੈ ਉਹ ਫ਼ਰਜ਼ੀ ਖ਼ਬਰਾਂ ਖ਼ਿਲਾਫ਼ ਕਾਰਵਾਈ ਲਈ ਟਵਿੱਟਰ ਵੱਲੋਂ ਰੱਖੇ ਗਏ ‘ਪੱਖਪਾਤੀ ਰਵੱਈਏ’ ਦਾ ਨਤੀਜਾ ਹੈ। ਇਸ ਤੋਂ ਇਲਾਵਾ ਝੂਠੀ ਜਾਣਕਾਰੀ ਫੈਲਣ ਤੋਂ ਰੋਕਣ ਵਿਚ ਵੀ ਟਵਿੱਟਰ ਨਾਕਾਮ ਰਿਹਾ ਹੈ। ਪ੍ਰਸਾਦ ਨੇ ਕਿਹਾ ਕਿ ਅਮਰੀਕਾ ਵਿਚ ਕੰਮ ਕਰ ਰਹੀਆਂ ਸਾਰੀਆਂ ਭਾਰਤੀ ਕੰਪਨੀਆਂ ਆਪਣੇ ਆਪ ਸਥਾਨਕ ਕਾਨੂੰਨਾਂ ਦਾ ਪਾਲਣ ਕਰਦੀਆਂ ਹਨ। ਫਿਰ ਟਵਿੱਟਰ ਕਿਉਂ ਭਾਰਤੀ ਕਾਨੂੰਨਾਂ ਨੂੰ ਮੰਨਣ ਤੋਂ ਇਨਕਾਰੀ ਹੈ। ਜਦਕਿ ਇਹ ਕਾਨੂੰਨ ਗਲਤ ਵਰਤੋਂ ਨੂੰ ਰੋਕਣ ਲਈ ਹਨ। ਉਨ੍ਹਾਂ ਕਿਹਾ ਕਿ ਭਾਰਤ ਵਰਗੇ ਦੇਸ਼ ਵਿਚ ਛੋਟੀ ਜਿਹੀ ਝੂਠੀ ਖ਼ਬਰ ਵੱਡੇ ਪੱਧਰ ਉਤੇ ਗੜਬੜੀ ਦਾ ਕਾਰਨ ਬਣ ਸਕਦੀ ਹੈ। ਨਵੇਂ ਆਈਟੀ ਨੇਮਾਂ ਦਾ ਮਕਸਦ ਇਸ ਸਭ ਨੂੰ ਰੋਕਣਾ ਹੈ। -ਪੀਟੀਆਈ