ਊਧਗਮੰਡਲਮ (ਤਾਮਿਲਨਾਡੂ), 8 ਦਸੰਬਰ
ਪਿਛਲੇ ਸਾਲ ਅੱਜ ਦੇ ਦਿਨ ਨੀਲਗਿਰੀਜ਼ ਜ਼ਿਲ੍ਹੇ ਵਿੱਚ ਕੁਨੂਰ ਨੇੜੇ ਨੰਜਾਪੰਚਤਰਮ ‘ਚ ਫ਼ੌਜ ਦੇ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਏ ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਬਿਪਿਨ ਰਾਵਤ ਅਤੇ ਹਥਿਆਰਬੰਦ ਬਲਾਂ ਦੇ 13 ਹੋਰ ਅਧਿਕਾਰੀਆਂ ਤੇ ਜਵਾਨਾਂ ਨੂੰ ਅੱਜ ਫ਼ੌਜ ਦੇ ਅਧਿਕਾਰੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਸ਼ਹੀਦ ਬਿਪਿਨ ਰਾਵਤ ਤੇ ਹੋਰਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਦੇ ਕਮਾਂਡੈਂਟ ਲੈਫਟੀਨੈਂਟ ਜਨਰਲ ਵੀਰੇਂਦਰ ਵਤਸ ਸੀਨੀਅਰ ਅਧਿਕਾਰੀਆਂ ਦੇ ਨਾਲ ਹਾਦਸੇ ਵਾਲੀ ਥਾਂ ‘ਤੇ ਪਹੁੰਚੇ ਅਤੇ ਉੱਥੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਨੀਲਗਿਰੀਜ਼ ਦੇ ਜ਼ਿਲ੍ਹਾ ਕੁਲੈਕਟਰ ਐੱਸ.ਪੀ. ਅੰਮ੍ਰਿਤ ਅਤੇ ਐੱਸਪੀ ਆਸ਼ੀਸ਼ ਰਾਵਤ ਨੇ ਵੀ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਲੈਫਟੀਨੈਂਟ ਜਨਰਲ ਵਤਸ ਨੇ ਕਿਹਾ ਕਿ ਉਹ ਹੋਰ ਅਧਿਕਾਰੀਆਂ ਨਾਲ ਹੈਲੀਕਾਪਟਰ ਹਾਦਸੇ ‘ਚ ਸ਼ਹੀਦ ਹੋਏ ਰਾਵਤ ਤੇ 13 ਹੋਰਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ ਹਨ। ਉਨ੍ਹਾਂ ਕਿਹਾ, ”ਅਸੀਂ ਪਿੰਡ ਵਾਸੀਆਂ ਦਾ ਧੰਨਵਾਦ ਕਰਨ ਆਏ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਹਾਦਸੇ ਵਿੱਚ ਸ਼ਹੀਦ ਹੋਏ ਸੀਡੀਐੱਸ ਤੇ ਹੋਰਾਂ ਦੀਆਂ ਦੇਹਾਂ ਬਾਹਰ ਕੱਢੀਆਂ।” ਹਾਦਸੇ ਵਾਲੀ ਥਾਂ ‘ਤੇ ਯਾਦਗਾਰ ਬਣਾਉਣ ਦੀ ਯੋਜਨਾ ਬਾਰੇ ਪੁੱਛਣ ‘ਤੇ ਸ੍ਰੀ ਵਤਸ ਨੇ ਕਿਹਾ ਕਿ ਇਸ ਕੰਮ ਵਿੱਚ ਸਾਰੇ ਭਾਈਵਾਲਾਂ, ਪ੍ਰਸ਼ਾਸਨ, ਜ਼ਮੀਨ ਦੇ ਮਾਲਕਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ। ਇਸੇ ਦੌਰਾਨ ਵੱਡੀ ਗਿਣਤੀ ਪਿੰਡ ਵਾਸੀ ਵੀ ਨੰਜਾਪੰਚਤਰਮ ਪਹੁੰਚ ਗਏ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸੀਡੀਐੱਸ ਬਿਪਿਨ ਰਾਵਤ ਦਾ ਇੱਕ ਆਦਮਕੱਦ ਬੁੱਤ ਲਗਾਉਣ ਦੀ ਮੰਗ ਕੀਤੀ। -ਪੀਟੀਆਈ