ਕੋਲਕਾਤਾ, 18 ਜੁਲਾਈ
ਸਰਚ ਇੰਜਣ ਗੂਗਲ ਨੇ ਦੇਸ਼ ਦੀਆਂ ਪਹਿਲੀਆਂ ਦੋ ਮਹਿਲਾ ਡਾਕਟਰਾਂ ’ਚ ਸ਼ਾਮਲ ਕਾਦੰਬਿਨੀ ਗਾਂਗੁਲੀ ਦੇ 160ਵੇਂ ਜਨਮ ਦਿਵਸ ਮੌਕੇ ਅੱਜ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੂਗਲ ਦੇ ਡੂਡਲ ਵਿਚ ਪਿੱਠਭੂਮੀ ’ਚ ਕੋਲਕਾਤਾ ਮੈਡੀਕਲ ਕਾਲਜ ਤੇ ਹਸਪਤਾਲ ਦੀ ਮੁੱਖ ਇਮਾਰਤ ਦੀ ਤਸਵੀਰ ਦੇ ਨਾਲ ਗਾਂਗੁਲੀ ਦਾ ਗ੍ਰਾਫਿਕ ਬਣਾਇਆ ਗਿਆ ਹੈ। ਇਸ ਨੂੰ ਬੰਗਲੌਰ ਦੇ ਕਲਾਕਾਰ ਓਦਰਿਜਾ ਨੇ ਬਣਾਇਆ ਹੈ ਅਤੇ ਇਸ ਨੂੰ ਦੇਸ਼ ਭਰ ਵਿਚ ਸਾਂਝਾ ਕੀਤਾ ਗਿਆ। ਆਗੂਆਂ ਤੇ ਸਾਰੇ ਵਰਗਾਂ ਦੇ ਲੋਕਾਂ ਨੇ ਭਾਰਤ ਵਿਚ ਮਹਿਲਾ ਅਧਿਕਾਰਾਂ ਦੇ ਪੈਰੋਕਾਰ ਵਜੋਂ ਗਾਂਗੁਲੀ ਦੀ ਪ੍ਰਸ਼ੰਸਾ ਕੀਤੀ। ਆਨੰਦੀ ਜੋਸ਼ੀ ਦੇ ਨਾਲ ਗਾਂਗੁਲੀ 1886 ਵਿਚ ਮੈਡੀਸਨ ਦੀ ਪੜ੍ਹਾਈ ਕਰਨ ਤੇ ਡਿਗਰੀ ਹਾਸਲ ਕਰਨ ਵਾਲੀ ਬਸਤੀਵਾਦੀ ਭਾਰਤ ਦੀਆਂ ਪਹਿਲੀਆਂ ਮਹਿਲਾਵਾਂ ’ਚੋਂ ਸੀ। ਜੋਸ਼ੀ ਨੇ ਅਮਰੀਕਾ ਦੇ ਪੈਨਸਿਲਵੇਨੀਆ ਦੇ ਮਹਿਲਾ ਮੈਡੀਕਲ ਕਾਲਜ ਤੋਂ ਪੜ੍ਹਾਈ ਕੀਤੀ ਜਦਕਿ ਗਾਂਗੁਲੀ ਨੇ ਕੋਲਕਾਤਾ ਮੈਡੀਕਲ ਕਾਲਜ ’ਚ ਪੱਛਮੀ ਮੈਡੀਸਨ ਦੀ ਪੜ੍ਹਾਈ ਕੀਤੀ। ਗਾਂਗੁਲੀ ਦਾ ਜਨਮ 18 ਜੁਲਾਈ, 1861 ਨੂੰ ਭਾਗਲਪੁਰ ਵਿਚ ਹੋਇਆ ਸੀ। ਉਹ ਬ੍ਰਹਮੋ ਸਮਾਜ ਦੇ ਪ੍ਰਸਿੱਧ ਸੁਧਾਰਕ ਬ੍ਰਿਜ ਕਿਸ਼ੋਰ ਬਾਸੂ ਦੀ ਧੀ ਸੀ ਅਤੇ ਬੰਗਾਲ ਦੇ ਚੱਲ ਰਹੇ ਪੁਨਰ ਜਾਗਰਣ ਤੋਂ ਕਾਫੀ ਪ੍ਰਭਾਵਿਤ ਸੀ। ਉਸ ਨੇ ਕੋਲਕਾਤਾ ਮੈਡੀਕਲ ਕਾਲਜ ਵਿਚ ਦਾਖ਼ਲਾ ਲੈਣ ਲਈ ਕਾਫੀ ਲੰਬੀ ਲੜਾਈ ਲੜੀ। ਉਹ ਤੇ ਚੰਦਰਮੁਖੀ ਬਾਸੂ ਗ੍ਰੇਜੂਏਸ਼ਨ ਕਰਨ ਵਾਲੀਆਂ ਭਾਰਤ ਦੀਆਂ ਪਹਿਲੀ ਮਹਿਲਾਵਾਂ ਬਣੀਆਂ। ਉਨ੍ਹਾਂ ਕੋਲਕਾਤਾ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ।
ਕਾਂਗਰਸ ਨੇ ਅੱਜ ਉਨ੍ਹਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕੀਤਾ, ‘‘ਭਾਰਤੀਆਂ ਨੂੰ ਪੀੜ੍ਹੀਆਂ ਤੱਕ ਪ੍ਰੇਰਿਤ ਕਰਨ ਲਈ ਕਾਦੰਬਿਨੀ ਗਾਂਗੁਲੀ ਨੂੰ ਨਮਨ। ਉਹ ਨਾ ਸਿਰਫ਼ ਭਾਰਤੀ ਦੀ ਪਹਿਲੀ ਮਹਿਲਾ ਗ੍ਰੇਜੂਏਟ ਸੀ ਬਲਕਿ ਉਨ੍ਹਾਂ ਪਹਿਲੀਆਂ ਮਹਿਲਾਵਾਂ ਵਿਚੋਂ ਸੀ ਜਿਨ੍ਹਾਂ ਨੇ ਦੱਖਣੀ ਏਸ਼ੀਆ ਵਿਚ ਪੱਛਮੀ ਮੈਡੀਸਨ ’ਤੇ ਕੰਮ ਕੀਤਾ।’’ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਉਨ੍ਹਾਂ ਦੇ ਸਿਆਸੀ ਯੋਗਦਾਨ ਨੂੰ ਯਾਦ ਕੀਤਾ ਅਤੇ ਟਵੀਟ ਕੀਤਾ, ‘‘ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ।’’ ਇਸ ਦੌਰਾਨ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਟਵਿੱਟਰ ’ਤੇ ਕਿਹਾ, ‘‘ਕਾਦੰਬਿਨੀ ਗਾਂਗੁਲੀ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ ’ਤੇ ਸ਼ਰਧਾਂਜਲੀ। ਪੁਰਸ਼ਾਂ ਦੇ ਇਸ ਸਮਾਜ ਵਿਚ ਕਾਦੰਬਿਨੀ ਗਾਂਗੁਲੀ ਮੈਡੀਸਨ ਦੀ ਪੜ੍ਹਾਈ ਕਰਨ ਲਈ ਸਾਰੀਆਂ ਪਾਬੰਦੀਆਂ ਤੇ ਪੁਰਾਣੀਆਂ ਧਾਰਾਵਾਂ ਨਾਲ ਲੜੀ।’’ ਇਸ ਦੌਰਾਨ ਹੋਰ ਆਗੂਆਂ ਜਿਵੇਂ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਪੱਛਮੀ ਬੰਗਾਲ ਭਾਜਪਾ ਦੇ ਮੁਖੀ ਦਿਲੀਪ ਘੋਸ਼ ਨੇ ਵੀ ਕਾਦੰਬਿਨੀ ਗਾਂਗੁਲੀ ਨੂੰ ਸ਼ਰਧਾਂਜਲੀ ਭੇਟ ਕੀਤੀ।’’ -ਪੀਟੀਆਈ