ਮੁੰਬਈ, 14 ਜੂਨ
ਫ਼ਿਲਮੀ ਦੁਨੀਆ ਨਾਲ ਜੁੜੀਆਂ ਕਈ ਨਾਮਵਰ ਹਸਤੀਆਂ ਨੇ ਅੱਜ ਸੋੋਸ਼ਲ ਮੀਡੀਆ ’ਤੇ ਮਰਹੂਮ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਉਸ ਦੀ ਪਹਿਲੀ ਬਰਸੀ ’ਤੇ ਸ਼ਰਧਾਂਜਲੀ ਭੇਟ ਕੀਤੀ। ਸੁਸ਼ਾਂਤ ਸਿੰਘ ਨੂੰ ਪਿਛਲੇ ਸਾਲ ਅੱਜ ਦੇ ਦਿਨ ਹੀ ਉਸ ਦੇ ਫਲੈਟ ਵਿੱਚ ਮ੍ਰਿਤਕ ਪਾਇਆ ਗਿਆ ਸੀ। ਸੁਸ਼ਾਂਤ ਦੀ ਫਿਲਮ ‘ਕਾਈ ਪੋ ਚੇ (2013)’ ਅਤੇ ‘ਕੇਦਾਰਨਾਥ(2018)’ ਦੇ ਨਿਰਦੇਸ਼ਕ ਅਭਿਸ਼ੇਕ ਕਪੂਰ, ‘ਸੋਨਚਿੜੀਆ’ ਵਿੱਚ ਉਸ ਦੀ ਸਹਿ-ਅਦਾਕਾਰਾ ਭੂਮੀ ਪੇਡਨੇਕਰ ਅਤੇ ਸਹਿ-ਅਦਾਕਾਰ ਰਣਵੀਰ ਸ਼ੌਰੀ ਨੇ ਟਵਿੱਟਰ ’ਤੇ ਮਰਹੂਮ ਅਦਾਕਾਰ ਨੂੰ ਯਾਦ ਕੀਤਾ। ਫਿਲਮ ‘ਦਿਲ ਬੇਚਾਰਾ’ ਵਿੱਚ ਸੁਸ਼ਾਂਤ ਸਿੰਘ ਦੀ ਸਹਿ-ਅਦਾਕਾਰਾ ਸਸਵਤਾ ਚੈਟਰਜੀ ਨੇ ਕਿਹਾ ਕਿ ਉਸ ਨੂੰ ਸੁਸ਼ਾਂਤ ਨਾਲ ਬਿਤਾਇਆ ਹਰ ਪਲ ਅੱਜ ਵੀ ਯਾਦ ਹੈ। ਇਸੇ ਤਰ੍ਹਾਂ ‘ਦਿਲ ਬੇਚਾਰਾ’ ਦੇ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਵੀ ਟਵੀਟ ਕਰਦਿਆਂ ਸੁਸ਼ਾਂਤ ਨੂੰ ਯਾਦ ਕੀਤਾ। ਅਦਾਕਾਰ ਪੁਲਕਿਤ ਸਮਰਾਟ ਨੇ ਇੰਸਟਾਗ੍ਰਾਮ ’ਤੇ ਸੁਸ਼ਾਂਤ ਦੀ ਮੌਤ ਨੂੰ ਨਿੱਜੀ ਘਾਟਾ ਦੱਸਿਆ। ਉਸ ਨੇ ਆਪਣੀ ਪੋਸਟ ਜ਼ਰੀਏ ਕਿਹਾ ਕਿ ਸੁਸ਼ਾਂਤ ਅੱਜ ਵੀ ਉਨ੍ਹਾਂ ਲੋਕਾਂ ਲਈ ਪ੍ਰੇਰਨਾ ਸਰੋਤ ਹੈ, ਜੋ ਸੁਪਨੇ ਦੇਖਣ ਦਾ ਹੌਸਲਾ ਕਰਦੇ ਹਨ। ਇਸ ਤੋਂ ਇਲਾਵਾ ਗਾਇਕਾ ਅਤੇ ਅਦਾਕਾਰਾ ਸੋਫੀ ਚੌਧਰੀ, ਫਿਲਮਸਾਜ਼ ਰੇਣੂਕਾ ਸ਼ਹਾਣੇ, ਟੀਵੀ ਅਦਾਕਾਰਾ ਦੇਵਲੀਨਾ ਭੱਟਾਚਾਰੀਆ, ਪ੍ਰੋਡਿਊਸਰ ਅਸ਼ੋਕ ਪੰਡਿਤ ਅਤੇ ਅਦਾਕਾਰ ਸ਼ੇਖਰ ਸੁਮਨ ਸਮੇਤ ਕਈ ਹੋਰ ਕਲਾਕਾਰਾਂ ਨੇ ਸੁਸ਼ਾਂਤ ਨੂੰ ਯਾਦ ਕੀਤਾ। -ਆਈਏਐੱਨਐੱਸ
ਪ੍ਰਸ਼ੰਸਕਾਂ ਨੇ ਟਵਿੱਟਰ ’ਤੇ ਚਲਾਈ ‘ਵੀ ਮਿੱਸ ਯੂ’ ਮੁਹਿੰਮ
ਮੁੰਬਈ: ਅੱਜ ਇੱਥੇ ਟਵਿੱਟਰ ’ਤੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸ ਦੇ ਪ੍ਰਸ਼ੰਸਕਾਂ, ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ‘ਵੀ ਮਿੱਸ ਯੂ’ ਮੁਹਿੰਮ ਚਲਾਈ। ਅੱਜ ਪੂਰਾ ਦਿਨ ਹੈਸ਼ਟੈਗ #ਸੁਸ਼ਾਂਤਸਿੰਘਰਾਜਪੂਤ ਨਾਲ ਟਵਿੱਟਰ ’ਤੇ ‘ਵੀ ਮਿੱਸ ਯੂ’ ਮੁਹਿੰਮ ਟਰੈਂਡ ਵਿੱਚ ਰਹੀ। ਸੁਸ਼ਾਂਤ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ, ‘‘ਸੱਚੀ ਇੱਕ ਸਾਲ ਕਿਵੇਂ ਲੰਘ ਗਿਆ ਪਤਾ ਹੀ ਨਹੀਂ ਚੱਲਿਆ ਪਰ ਤੁਹਾਡੀਆਂ ਯਾਦਾਂ ਅੱਜ ਵੀ ਮੇਰੇ ਦਿਲ ਵਿੱਚ ਹਨ।’’ ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ ਕਿ ਤੁਰ ਜਾਣ ਵਾਲੇ ਕਦੇ ਭੁੱਲਦੇ ਨਹੀਂ। ਇਸੇ ਤਰ੍ਹਾਂ ਕਈ ਹੋਰ ਪ੍ਰਸ਼ੰਸਕਾਂ ਨੇ ਸੁਸ਼ਾਂਤ ਪ੍ਰਤੀ ਆਪਣੀ ਪਿਆਰ ਜ਼ਾਹਰ ਕਰਦਿਆਂ ਮਰਹੂਮ ਅਦਾਕਾਰ ਨੂੰ ਟਵੀਟ ਕਰਕੇ ਯਾਦ ਕੀਤਾ। ਇਸੇ ਦੌਰਾਨ ਅੱਜ ਸੁਸ਼ਾਂਤ ਸਿੰਘ ਰਾਜਪੂਤ ’ਤੇ ਬਣੀ ਫਿਲਮ ‘ਨਿਆਏ: ਦਿ ਜਸਟਿਸ’ ਦਾ ਟਰੇਲਰ ਰਿਲੀਜ਼ ਕੀਤਾ ਗਿਆ। -ਆਈਏਐੱਨਐੱਸ