ਨਵੀਂ ਦਿੱਲੀ, 17 ਜਨਵਰੀ
ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨ 26 ਜਨਵਰੀ ਨੂੰ ਦਿੱਲੀ ਦੀ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਰੈਲੀ ਕਰਨਗੇ। ਸਿੰਘੂ ਹੱਦ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਉਹ ਬਾਹਰੀ ਰਿੰਗ ਰੋਡ ’ਤੇ ਸ਼ਾਂਤੀਪੂਰਵਕ ਟਰੈਕਟਰ ਪਰੇਡ ਕੱਢਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸਾਨਾਂ ਵਲੋਂ ਗਣਤੰਤਰ ਦਿਵਸ ਸਮਾਗਮਾਂ ਵਿਚ ਵਿਘਨ ਨਹੀਂ ਪਾਇਆ ਜਾਵੇਗਾ। ਇਸ ਮੌਕੇ ਕਿਸਾਨ ਸਾਰੇ ਟਰੈਕਟਰਾਂ ’ਤੇ ਕੌਮੀ ਝੰਡਾ ਲਾ ਕੇ ਮਾਰਚ ਕਰਨਗੇ। ਦੱਸਣਾ ਬਣਦਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ ਖਿਲਾਫ਼ ਕੇਂਦਰ ਵਲੋਂ ਦਿੱਲੀ ਪੁਲੀਸ ਰਾਹੀਂ ਸਰਵਉਚ ਅਦਾਲਤ ਵਿਚ ਅਰਜ਼ੀ ਦਿੱਤੀ ਗਈ ਹੈ ਕਿ ਕਿਸਾਨਾਂ ਦੇ ਟਰੈਕਟਰ ਮਾਰਚ ਨਾਲ ਗਣਤੰਤਰ ਦਿਵਸ ਸਮਾਗਮ ਪ੍ਰਭਾਵਿਤ ਹੋਣਗੇ। ਇਹ ਮਾਮਲਾ ਹਾਲੇ ਅਦਾਲਤ ਵਿਚ ਵਿਚਾਰਅਧੀਨ ਹੈ।-ਪੀਟੀਆਈ