ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਮਈ
ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਦੋ ਕਾਂਗਰਸੀ ਆਗੂਆਂ ਨੂੰ ਨੋਟਿਸ ਭੇਜ ਕੇ ‘ਟੂਲਕਿੱਟ’ ਮਾਮਲੇ ਦੀ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਕਾਂਗਰਸ ਵੱਲੋਂ ‘ਜਾਅਲੀ ਤੇ ਮਨਘੜਤ ਦਸਤਾਵੇਜ਼’ ਸਾਂਝੇ ਕਰਨ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਕਾਂਗਰਸ ਦੇ ਬੁਲਾਰੇ ਐਮਵੀ ਰਾਜੀਵ ਗੌੜਾ ਤੇ ਕਾਂਗਰਸ ਦੇ ਸੋਸ਼ਲ ਮੀਡੀਆ ਵਿੰਗ ਦੇ ਮੁਖੀ ਰੋਹਨ ਗੁਪਤਾ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਹ ਨਵੇਂ ਨੋਟਿਸ ਨਹੀਂ ਹਨ ਪਰ 8-9 ਦਿਨ ਪਹਿਲਾਂ ਕਾਂਗਰਸ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਭੇਜੇ ਗਏ ਸਨ ਤੇ ਉਨ੍ਹਾਂ ਦੋਵਾਂ ਨੂੰ ਜਾਂਚ ਨੂੰ ਅੱਗੇ ਤੋਰਨ ਲਈ ਇਸ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਦੇ ਸੋਸ਼ਲ ਮੀਡੀਆ ਵਲੰਟੀਅਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕੋਵਿਡ-19 ਦੇ ਨਵੇਂ ਵੇਰੀਐਂਟ ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਆਦੇਸ਼ਾਂ ਦੇ ਖ਼ਿਲਾਫ਼ ਜਾ ਕੇ ‘ਭਾਰਤੀ ਵੇਰੀਐਂਟ’ ਜਾਂ ‘ਮੋਦੀ ਵੇਰੀਐਂਟ’ ਕਹਿਣ। ਹਾਲਾਂਕਿ ਕਾਂਗਰਸ ਨੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਭੇਜ ਕੇ ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਬੁਲਾਰੇ ਸੰਬਿਤ ਪਾਤਰਾ, ਪਾਰਟੀ ਆਗੂ ਬੀਐੱਲ ਸੰਤੋਸ਼ ਤੇ ਹੋਰਨਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।
ਯੂਥ ਕਾਂਗਰਸੀ ਆਗੂ ਸ਼ਿਵੀ ਚੌਹਾਨ ਵੱਲੋਂ ਭੇਜੇ ਗਏ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਭਾਜਪਾ ਨੇ ਫਿਰਕੂ ਵਿਗਾੜ ਤੇ ਸਮਾਜਿਕ ਅਸ਼ਾਂਤੀ ਪੈਦਾ ਕਰਨ, ਮੌਜੂਦਾ ਮਹਾਮਾਰੀ ਵਿਚਕਾਰ ਲੋਕਾਂ ਨੂੰ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮੋਦੀ ਸਰਕਾਰ ਦੀ ਨਾਕਾਮੀ ਤੋਂ ਧਿਆਨ ਭਟਕਾਉਣ ਦੇ ਇਰਾਦੇ ਨਾਲ ਜਾਅਲੀ ਤੇ ਮਨਘੜਤ ਦਸਤਾਵੇਜ਼ ਸਾਂਝੇ ਕੀਤੇ ਸਨ। ਜ਼ਿਕਰਯੋਗ ਹੈ ਕਿ ਇਸ ਸਬੰਧੀ ਟਵਿੱਟਰ ਵੱਲੋਂ ਸੰਬਿਤ ਪਾਤਰਾ ਦੇ ਇੱਕ ਟਵੀਟ ਨਾਲ ‘ਮੈਨੀਪੁਲੇਟਿਡ’ (ਹੇਰ-ਫੇਰ) ਟੈਗ ਲਾ ਦਿੱਤਾ ਗਿਆ ਸੀ ਜਿਸ ਮਗਰੋਂ ਪੁਲੀਸ ਨੇ ਟਵਿੱਟਰ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਕਾਂਗਰਸ ਨੇ ਟਵਿੱਟਰ ਤੋਂ ਮੰਤਰੀਆਂ ਖਿ਼ਲਾਫ਼ ਕਾਰਵਾਈ ਮੰਗੀ
ਨਵੀਂ ਦਿੱਲੀ: ਕਾਂਗਰਸ ਨੇ ਕਥਿਤ ‘ਕੋਵਿਡ ਟੂਲਕਿੱਟ’ ਮਾਮਲੇ ਵਿਚ ਅੱਜ 11 ਕੇਂਦਰੀ ਮੰਤਰੀਆਂ ਦੇ ਟਵੀਟਾਂ ਦਾ ਹਵਾਲਾ ਦਿੰਦਿਆਂ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਆਗੂਆਂ ਖ਼ਿਲਾਫ਼ ਵੀ ਉਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ ਜੋ ‘ਮੈਨੀਪੁਲੇਟਿਡ ਮੀਡੀਆ’ (ਤੱਥਾਂ ਨਾਲ ਛੇੜਛਾੜ) ਤੇ ‘ਫਰਜ਼ੀਵਾੜੇ’ ਦੇ ਦੂਜੇ ਮਾਲਿਆਂ ਵਿਚ ਕੀਤੀ ਜਾਂਦੀ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ ਕੇਂਦਰੀ ਮੰਤਰੀਆਂ- ਗਿਰੀਰਾਜ ਸਿੰਘ, ਪਿਊਸ਼ ਗੋਇਲ, ਸਮ੍ਰਿਤੀ ਇਰਾਨੀ, ਰਵੀਸ਼ੰਕਰ ਪ੍ਰਸਾਦ, ਪ੍ਰਹਿਲਾਦ ਜੋਸ਼ੀ, ਧਰਮੇਂਦਰ ਪ੍ਰਧਾਨ, ਰਮੇਸ਼ ਪੋਖਰਿਆਲ ਨਿਸ਼ੰਕ, ਥਾਵਰਚੰਦ ਗਹਿਲੋਤ, ਹਰਸ਼ਵਰਧਨ, ਮੁਖਤਾਰ ਅੱਬਾਸ ਨਕਵੀ ਤੇ ਗਜੇਂਦਰ ਸਿੰਘ ਸ਼ੇਖਾਵਤ ਦੇ ਟਵੀਟ ਦੇ ਯੂਆਰਐਲ ਟਵਿੱਟਰ ਇੰਡੀਆ ਦੇ ਪ੍ਰਬੰਧਨ ਨੂੰ ਇਕ ਪੱਤਰ ਦੇ ਮਾਧਿਅਮ ਨਾਲ ਭੇਜੇ ਗਏ ਹਨ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸੁਰਜੇਵਾਲਾ ਨੇ ਟਵਿੱਟਰ ਪ੍ਰਬੰਧਨ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਕਿ ‘ਫ਼ਰਜ਼ੀ ਸਮੱਗਰੀ ਦਾ ਪ੍ਰਸਾਰ ਕਰਨ ਲਈ ਟਵਿੱਟਰ ਦੇ ਮੰਚ ਦੀ ਦੁਰਵਰਤੋਂ ਕਰਨ ਤੇ ‘ਮੈਨੀਪੁਲੇਟਿਡ ਮੀਡੀਆ’ ਦੇ ਦੂਜੇ ਮਾਮਲਿਆਂ ਵਿਚ ਕਾਰਵਾਈ ਦਾ ਜੋ ਮਾਪਦੰਡ ਅਪਣਾਇਆ ਜਾਂਦਾ ਹੈ, ਉਹੀ ਇਨ੍ਹਾਂ ਮੰਤਰੀਆਂ ਦੇ ਟਵੀਟਾਂ ਦੇ ਮਾਮਲੇ ਵਿਚ ਵੀ ਅਪਣਾਇਆ ਜਾਵੇ। ਫ਼ਿਲਹਾਲ ਇਨ੍ਹਾਂ ਸੀਨੀਅਰ ਮੰਤਰੀਆਂ ਤੇ ਭਾਜਪਾ ਵੱਲੋਂ ਕਾਂਗਰਸ ਦੇ ਇਸ ਕਦਮ ਉਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਟਵਿੱਟਰ ਨੇ ਕਥਿਤ ‘ਕੋਵਿਡ ਟੂਲਕਿੱਟ’ ਨਾਲ ਸਬੰਧਤ ਭਾਜਪਾ ਬੁਲਾਰੇ ਸੰਬਿਤ ਪਾਤਰਾ ਦੇ ਟਵੀਟ ਨੂੰ ‘ਛੇੜਛਾੜ ਵਾਲਾ’ ਦੱਸਿਆ ਸੀ। ਭਾਜਪਾ ਨੇ ਕਾਂਗਰਸ ’ਤੇ ਟੂਲਕਿੱਟ ਬਣਾਉਣ ਤੇ ਇਸ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਸੀ ਕਿ ਟੂਲਕਿੱਟ ਵਿਚ ਵਾਇਰਸ ਦੇ ਨਵੇਂ ਸਰੂਪ ਨੂੰ ‘ਭਾਰਤੀ ਸਰੂਪ’ ਜਾਂ ‘ਮੋਦੀ ਸਰੂਪ’ ਦੱਸਿਆ ਗਿਆ ਹੈ। ਜਦਕਿ ਕਾਂਗਰਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਤੇ ਕਿਹਾ ਸੀ ਕਿ ਭਾਜਪਾ ਪਾਰਟੀ ਨੂੰ ਬਦਨਾਮ ਕਰਨ ਲਈ ਅਜਿਹੇ ਦੋਸ਼ ਲਾ ਰਹੀ ਹੈ। -ਪੀਟੀਆਈ