ਸ਼ਿਮਲਾ, 25 ਮਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਇੱਥੇ ਦੋਸ਼ ਲਾਇਆ ਕਿ ਚੀਨ ਨੇ ਭਾਰਤ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਉਸ ਵੱਲੋਂ ਇੱਥੇ ਘਰ ਅਤੇ ਸੜਕਾਂ ਬਣਾਈਆਂ ਜਾ ਰਹੀਆਂ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪ ਹਨ। ਹਿਮਾਚਲ ਪ੍ਰਦੇਸ਼ ਦੇ ਰੋਹੜੂ ’ਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੂੰ ਲੰਮੇ ਹੱਥੀਂ ਲੈਂਦਿਆਂ ਖੜਗੇ ਨੇ ਸਵਾਲ ਕੀਤਾ ਕਿ 56 ਇੰਚ ਦੀ ਛਾਤੀ ਕਿੱਥੇ ਹੈ?
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਦੇ ਲੋਕਾਂ ਅਤੇ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸੰਵਿਧਾਨ ਨਾ ਬਚਾਇਆ ਗਿਆ ਤਾਂ ਲੋਕਤੰਤਰ ਅਤੇ ਇਸ ਤਹਿਤ ਮਿਲੇ ਸਾਰੇ ਅਧਿਕਾਰ ਖੋਹ ਲਏ ਜਾਣਗੇ। ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਅਮੀਰਾਂ ਦਾ ਸਾਥ ਦਿੰਦੀ ਹੈ ਜਦਕਿ ਕਾਂਗਰਸ ਗਰੀਬਾਂ ਦੇ ਨਾਲ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਬੁਨਿਆਦੀ ਢਾਂਚਾ ਬਣਾਇਆ ਜਿਸ ਨੇ ਗਰੀਬਾਂ ਦੀ ਮਦਦ ਕੀਤੀ ਅਤੇ ਮੋਦੀ ਕਾਂਗਰਸ ਨੂੰ 55 ਸਾਲਾਂ ਦਾ ਹਿਸਾਬ ਦੇਣ ਲਈ ਕਹਿ ਰਹੇ ਹਨ। ਪਾਰਟੀ ਪ੍ਰਧਾਨ ਨੇ ਕਿਹਾ, ‘‘ਅਸੀਂ ਇਕ-ਇਕ ਪੈਸੇ ਦਾ ਹਿਸਾਬ ਦੇਵਾਂਗੇ ਪਰ ਮੋਦੀ ਨੂੰ ਪਹਿਲਾਂ ਆਪਣੇ ਕਾਰਜਕਾਲ ਦਾ ਹਿਸਾਬ ਦੇਣਾ ਚਾਹੀਦਾ ਹੈ। ਅਸੀਂ ਪਾਕਿਸਤਾਨ ਖ਼ਿਲਾਫ਼ ਲੜੇ ਅਤੇ ਬੰਗਲਾਦੇਸ਼ ਨੂੰ ਆਜ਼ਾਦੀ ਦਿਵਾਈ। ਚੀਨ ਸਾਡੀ ਜ਼ਮੀਨ ’ਤੇ ਕਬਜ਼ਾ ਕਰ ਕੇ ਘਰ ਅਤੇ ਸੜਕਾਂ ਬਣਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪ ਹਨ। ਹੁਣ 56 ਇੰਚ ਦਾ ਸੀਨਾ ਕਿੱਥੇ ਹੈ?’’ ਕਾਂਗਰਸ ਪ੍ਰਧਾਨ ਨੇ ਪਿਛਲੇ ਸਾਲ ਮੌਨਸੂਨ ਦੌਰਾਨ ਕੁਦਰਤੀ ਆਫ਼ਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਕਥਿਤ ਤੌਰ ’ਤੇ ਸਹਾਇਤਾ ਨਾ ਦੇਣ ਲਈ ਵੀ ਕੇਂਦਰ ’ਤੇ ਨਿਸ਼ਾਨਾ ਸਾਧਿਆ। -ਪੀਟੀਆਈ
ਬਿਹਾਰ ਵਿੱਚ ਮਨਰੇਗਾ ਦੀ ਹਾਲਤ ਇੰਨੀ ਮਾੜੀ ਕਿਉਂ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਜਦੋਂ ਵੀ ਬਿਹਾਰ ’ਚ ਭਾਜਪਾ ਸੱਤਾ ’ਚ ਹੁੰਦੀ ਹੈ ਤਾਂ ਮਨਰੇਗਾ ਯੋਜਨਾ ਲੜਖੜਾ ਜਾਂਦੀ ਹੈ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਸੂਬੇ ’ਚ ਇਸ ਪ੍ਰਦਰਸ਼ਨ ਇੰਨਾ ਖਰਾਬ ਕਿਉਂ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘ਬਕਸਰ ’ਚ ਬਹੁਤ ਸਾਰੇ ਜ਼ਰੂਰੀ ਪ੍ਰਾਜੈਕਟ ਅਧੂਰੇ ਕਿਉਂ ਹਨ? ਚੌਸਾ ਵਿੱਚ ਕਿਸਾਨ ਪਿਛਲੇ 500 ਤੋਂ ਵੱਧ ਦਿਨਾਂ ਤੋਂ ਭਾਜਪਾ ਖ਼ਿਲਾਫ਼ ਮੁਜ਼ਾਹਰੇ ਕਿਉਂ ਕਰ ਰਹੇ ਹਨ? ਬਿਹਾਰ ’ਚ ਮਨਰੇਗਾ ਨੂੰ ਅਮਲ ’ਚ ਲਿਆਉਣਾ ਕੰਮ ਇੰਨਾ ਮਾੜਾ ਕਿਉਂ ਹੈ?’ ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਅਹੁਦਾ ਛੱਡ ਕੇ ਜਾਣ ਵਾਲੇ ਪ੍ਰਧਾਨ ਮੰਤਰੀ ਨੇ 2015 ’ਚ ਬਿਹਾਰ ਦੇ ਲੋਕਾਂ ਨੂੰ 1.25 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਵਾਅਦਾ ਕੀਤਾ ਸੀ ਅਤੇ ਇਸ ਪੈਕੇਜ ’ਚ 54,713 ਕਰੋੜ ਰੁਪਏ ਸੜਕਾਂ ਤੇ ਪੁਲਾਂ ਦੇ ਪ੍ਰਾਜੈਕਟਾਂ ਲਈ ਰੱਖੇ ਗਏ ਸਨ। ਉਨ੍ਹਾਂ ਕਿਹਾ, ‘ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਤੋਂ ਮਿਲੀ ਸੂਚਨਾ ਅਨੁਸਾਰ 44 ’ਚੋਂ 27 ਕੌਮੀ ਮਾਰਗ ਅਧੂਰੇ ਪਏ ਹਨ ਜਦਕਿ ਬਾਕੀ 17 ਦੀ ਅਜੇ ਰਿਪੋਰਟ ਹੀ ਤਿਆਰ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਭਾਗਲਪੁਰ ’ਚ ਵਿਕਰਮਸ਼ਿਲਾ ਕੇਂਦਰੀ ਯੂਨੀਵਰਸਿਟੀ ਲਈ ਇੱਕ ਇੱਟ ਵੀ ਨਹੀਂ ਰੱਖੀ ਗਈ।’ -ਪੀਟੀਆਈ