ਇੰਦੌਰ, 20 ਸਤੰਬਰ
ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਦਾ ਮੁੱਖ ਮੰਤਰੀ ਬਦਲੇ ਜਾਣ ’ਤੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਸੋਮਵਾਰ ਨੂੰ ਕਾਂਗਰਸ ਲੀਡਰਸ਼ਿਪ ਵੱਲ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ ਅੰਦਰੂਨੀ ਖਿੱਚੋਤਾਣ ਤੋਂ ਪੀੜਤ ਹੈ ਤੇ ਇਸ ਦੀ ਲੀਡਰਸ਼ਿਪ ਅਪ੍ਰਸੰਗਕ ਹੋ ਚੁੱਕੀ ਹੈ। ਇਸ ਦਾ ਅਸਰ ਪੰਜਾਬ ਅਦੇ ਮੁਲਕ ਦੇ ਹੋਰਨਾਂ ਸੂਬਿਆਂ ਵਿੱਚ ਦਿਖਾਈ ਦਿੰਦਾ ਹੈ। ਇਹ ਪੁੱਛੇ ਜਾਣ ’ਤੇ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਬੀਤੇ 10 ਮਹੀਨਿਆਂ ਤੋਂ ਜਾਰੀ ਕਿਸਾਨ ਅੰਦੋਲਨ ’ਤੇ ਕਾਂਗਰਸ ਲੀਡਰਸ਼ਿਪ ਵਿੱਚ ਫੇਰਬਦਲ ਦਾ ਕੀ ਅਸਰ ਹੋਵੇਗਾ। ਖੇਤੀ ਮੰਤਰੀ ਨੇ ਕਿਹਾ, ‘‘ ਭਾਜਪਾ ਕਿਸਾਨਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ, ਸਾਲ 2014 ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅੰਨਦਾਤਿਆਂ ਦੇ ਹਿਤਾਂ ਵਿੱਚ ਇਤਿਹਾਸਕ ਫੈਸਲੇ ਕੀਤੇ ਗਏ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਦੁੱਗਣੀ ਹੋ ਰਹੀ ਹੈ।’’ ਬਦਲੇ ਸਿਆਸੀ ਹਾਲਾਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਲਈ ਮਜਬੂਰ ਹੋਣ ਵਾਲੇ ਅਮਰਿੰਦਰ ਸਿੰਘ ਦੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਸਬੰਧੀ ਪੁੱਛੇ ਜਾਣ ’ਤੇ ਉਹ ਮਹਿਜ਼ ਮੁਸਕਰਾ ਕੇ ਚੁੱਪ ਵੱਟ ਗਏ। ਉਨ੍ਹਾਂ ਦਾਅਵਾ ਕੀਤਾ ਕਿ ਪੂਰਾ ਮੁਲਕ ਨਵੇਂ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਜਿਥੋਂ ਤਕ ਕੁਝ ਕਿਸਾਨ ਯੂਨੀਅਨਾਂ ਦੀ ਗੱਲ ਹੈ। ਅਸੀਂ ਉਨ੍ਹਾਂ ਨਾਲ 11 ਵਾਰ ਗੱਲਬਾਤ ਕੀਤੀ ਹੈ। ਉਨ੍ਹਾਂ ਨੂੰ ਸਾਡਾ ਪ੍ਰਸਤਾਵ ਪਸੰਦ ਨਹੀਂ ਆਇਆ, ਤਾਂ ਅਸੀਂ ਉਨ੍ਹਾਂ ਨੂੰ ਕਿਹਾ ਕਿ ਜੇ ਉਨ੍ਹਾਂ ਕੋਲ ਚਰਚਾ ਲਈ ਕੋਈ ਦੂਜਾ ਪ੍ਰਸਤਾਵ ਹੈ ਤਾਂ ਉਹ ਲੈ ਆਉਣ। ਅਸੀਂ ਉਨ੍ਹਾਂ ਨਾਲ ਨਵੇਂ ਪ੍ਰਸਤਾਵ ’ਤੇ ਵੀ ਗੱਲਬਾਤ ਕਰ ਸਕਦੇ ਹਾਂ।’‘ ਕਾਬਿਲੇਗੌਰ ਹੈ ਕਿ ਆਰਐੱਸਐੱਸ ਸਮਰਥਨ ਪ੍ਰਾਪਤ ਭਾਰਤੀ ਕਿਸਾਨ ਸੰਘ(ਬੀਕੇਐਸ) ਨੇ ਕਿਸਾਨਾਂ ਨੂੰ ਖੇਤੀ ਲਾਗਤ ਦੇ ਆਧਾਰ ’ਤੇ ‘ਐਮਐਸਪੀ’ ਦਿਵਾਉਣ ਲਈ ਸਖ਼ਤ ਨਿਯਮ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਅੱਠ ਸਤੰਬਰ ਨੂੰ ਦੇਸ਼ਿਵਆਪੀ ਧਰਨਾ ਪ੍ਰਦਰਸ਼ਨ ਕੀਤਾ ਸੀ।-ਏਜੰਸੀ