ਉਜੈਨ, 2 ਅਕਤੂਬਰ
ਬਜਰੰਗ ਦਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਗਰਬਾ ਸਮਾਗਮ ਵਿੱਚ ਆਪਣੀ ਪਛਾਣ ਲੁਕਾ ਕੇ ਸ਼ਾਮਲ ਹੋਣ ਦੇ ਦੋਸ਼ ਹੇਠ ਤਿੰਨ ‘ਗੈਰ-ਹਿੰਦੂਆਂ’ ਨੂੰ ਪੁਲੀਸ ਹਵਾਲੇ ਕੀਤਾ ਹੈ। ਇੱਥੋਂ ਦੇ ਮਾਧਵ ਨਗਰ ਇਲਾਕੇ ਵਿੱਚ ਕਾਲੀਦਾਸ ਅਕੈਡਮੀ ਦੇ ਗਰਬਾ ਪੰਡਾਲ ਵਿੱਚ ਬੀਤੀ ਰਾਤ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈ ਹੈ। ਵੀਡੀਓ ਵਿੱਚ ਕੁੱਝ ਲੋਕ ਇੱਕ ਵਿਅਕਤੀ ਨੂੰ ਘੇਰਦੇ ਨਜ਼ਰ ਆ ਰਹੇ ਹਨ ਅਤੇ ਕੁੱਝ ਕਹਿ ਰਹੇ ਹਨ, ‘ਇਸ ਨੂੰ ਮਾਰੋ ਨਾ, ਛੱਡ ਦਿਓ।’ ਬਜਰੰਗ ਦਲ ਦੇ ਜ਼ਿਲ੍ਹਾ ਕਨਵੀਨਰ ਅੰਕਿਤ ਚੌਬੇ ਨੇ ਕਿਹਾ ਕਿ ਬੀਤੀ ਰਾਤ ਉਨ੍ਹਾਂ ਦੇ ਵਾਲੰਟੀਅਰਾਂ ਨੂੰ ਪਤਾ ਲੱਗਾ ਕਿ ਤਿੰਨ ਗੈਰ-ਹਿੰਦੂ ਵਿਅਕਤੀ ਪਛਾਣ ਲੁਕਾ ਕੇ ਪੰਡਾਲ ਵਿੱਚ ਆਏ ਹਨ। ਇਸ ਮਗਰੋਂ ਵਾਲੰਟੀਅਰਾਂ ਨੇ ਉਨ੍ਹਾਂ ਨੂੰ ਭੀੜ ਤੋਂ ਬਚਾ ਕੇ ਮਾਧਵ ਨਗਰ ਪੁਲੀਸ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਲੋਕ ਲਵ ਜਹਾਦ ਕਰਨ ਆਉਂਦੇ ਹਨ। ਸਿਟੀ ਐੱਸਪੀ ਵਿਨੋਦ ਕੁਮਾਰ ਮੀਨਾ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ। -ਪੀਟੀਆਈ