ਨਵੀਂ ਦਿੱਲੀ/ਬੰਗਲੂਰੂ, 23 ਜੂਨ
ਕਰੋਨਾਵਾਇਰਸ ਦੀ ਡੈਲਟਾ ਪਲੱਸ ਕਿਸਮ ਦੇ 40 ਦੇ ਕਰੀਬ ਕੇਸ ਮਹਾਰਾਸ਼ਟਰ, ਕੇਰਲਾ ਤੇ ਮੱਧ ਪ੍ਰਦੇਸ਼ ਤੋਂ ਰਿਪੋਰਟ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ-19 ਦੀ ਇਸ ਕਿਸਮ ਨੂੰ ‘ਫਿਕਰਮੰਦੀ ਵਾਲੇ ਵੇਰੀਐਂਟ’ (ਵੀਓਸੀ) ਵਜੋਂ ਵਰਗੀਕ੍ਰਿਤ ਕੀਤਾ ਹੈ। ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਡੈਲਟਾ ਵੇਰੀਐਂਟ ਤੇ ਡੈਲਟਾ ਸਬ-ਲਾਈਨਏਜੀਜ਼ ਜਿਸ ਵਿੱਚ ਡੈਲਟਾ ਪਲੱਸ ਵੀ ਸ਼ਾਮਲ ਹੈ, ਨੂੰ ਵੀਓਸੀ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ। ਮੰਤਰਾਲੇ ਨੇ ਬਿਆਨ ਵਿੱਚ ਅੱਗੇ ਕਿਹਾ, ‘‘ਹਾਲ ਦੀ ਘੜੀ ਭਾਰਤ ਵਿੱਚ ਸੀਕੁਐਂਸਡ ਕੀਤੇ 45000 ਤੋਂ ਵੱਧ ਨਮੂਨਿਆਂ ਵਿੱਚ ਡੈਲਟਾ ਪਲੱਸ ਵੇਰੀਐਂਟ- ਏਵਾਈ.1 ਨਜ਼ਰ ਆਇਆ ਹੈ। ਮਹਾਰਾਸ਼ਟਰ, ਕੇਰਲਾ ਤੇ ਮੱਧ ਪ੍ਰਦੇਸ਼ ਵਿੱਚ 40 ਦੇ ਕਰੀਬ ਕੇਸਾਂ ਦੀ ਪਛਾਣ ਕੀਤੀ ਗਈ ਹੈ।’’ ਕੇਂਦਰੀ ਸਿਹਤ ਮੰਤਰਾਲੇ ਨੇ ਇਨ੍ਹਾਂ ਤਿੰਨਾਂ ਰਾਜਾਂ ਨੂੰ ਨਿਗਰਾਨੀ ਪ੍ਰਬੰਧ ਮਜ਼ਬੂਤ ਕਰਨ ਤੇ ਢੁੱਕਵੇਂ ਸਿਹਤ ਉਪਰਾਲਿਆਂ ਦੀ ਵਿਵਸਥਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਮੈਸੂਰ ਵਿੱਚ ਕੋਵਿਡ-19 ਦੀ ਡੇਲਟਾ ਪਲੱਸ ਕਿਸਮ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਹਾਲਾਂਕਿ ਪੀੜਤ ਵਿਅਕਤੀ ’ਚ ਹਾਲ ਦੀ ਘੜੀ ਕੋਵਿਡ-19 ਲਾਗ ਦਾ ਕੋਈ ਲੱਛਣ ਨਹੀਂ ਹੈ ਤੇ ਉਸ ਦੇ ਸੰਪਰਕ ਵਿੱਚ ਆਉਣ ਵਾਲਿਆਂ ’ਚੋਂ ਵੀ ਕਿਸੇ ਨੂੰ ਕਰੋਨਾ ਦੀ ਲਾਗ ਨਹੀਂ ਚਿੰਬੜੀ। ਸੂਬੇ ਦੇ ਸਿਹਤ ਮੰਤਰੀ ਕੇ.ਸੁਧਾਕਰ ਨੇ ਕਿਹਾ ਕਿ ਰਾਜ ਸਰਕਾਰ ਨਵੇਂ ਵੇਰੀਐਂਟ ਦੇ ਉਭਾਰ ਨੂੰ ਬੜੀ ਚੌਕਸੀ ਨਾਲ ਵੇਖ ਰਹੀ ਹੈ ਤੇ ਸੂਬੇ ਵਿੱਚ 6 ਜੀਨੋਮ ਲੈਬਾਂ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਸੁਧਾਕਰ ਨੇ ਕਿਹਾ, ‘ਜਿੱਥੇ ਕਿਤੇ ਵੀ ਸਾਨੂੰ ਖ਼ਦਸ਼ਾ ਲਗਦਾ ਹੈ, ਉਥੇ ਅਸੀਂ ਜੀਨੋਮਿਕ ਸੀਕੁਐਂਸਿੰਗ ਕਰ ਰਹੇ ਹਾਂ। ਕੁੱਲ ਨਮੂਨਿਆਂ ਦੇ ਪੰਜ ਫੀਸਦ ਦੀ ਰੈਂਡਮ ਚੈਕਿੰਗ ਕੀਤੀ ਜਾ ਰਹੀ ਹੈ।’’ ਸੁਧਾਕਰ ਮੁਤਾਬਕ ਕਰਨਾਟਕ ਵਿੱਚ ਕੋਵਿਡ-19 ਦੇ ਰੋਜ਼ਾਨਾ ਡੇਢ ਤੋਂ ਦੋ ਲੱਖ ਤੱਕ ਟੈਸਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਡੇਲਟਾ ਪਲੱਸ ਸੀਕੁਐਂਸਿੰਗ ਦਾ ਸ਼ੱਕ ਹੁੰਦਾ ਹੈ, ਉਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਵੈਕਸੀਨ ਭੇਜੀ ਜਾ ਰਹੀ ਹੈ। -ਪੀਟੀਆਈ
ਕੋਵਿਡ ਦੇ ਖ਼ਾਤਮੇ ਸਬੰਧੀ ਅਮਰੀਕੀ ਕੋਸ਼ਿਸ਼ਾਂ ਲਈ ਸਭ ਤੋਂ ਵੱਡਾ ਖ਼ਤਰਾ ਹੈ ਡੈਲਟਾ ਰੂਪ: ਫੌਚੀ
ਵਾਸ਼ਿੰਗਟਨ: ਵ੍ਹਾਈਟ ਹਾਊਸ ਦੇ ਮੁੱਖ ਸਿਹਤ ਸਲਾਹਕਾਰ ਡਾ. ਐਂਥਨੀ ਫੌਚੀ ਨੇ ਚਿਤਾਵਨੀ ਦਿੱਤੀ ਹੈ ਕਿ ਕਰੋਨਾਵਾਇਰਸ ਦੀ ਬਹੁਤ ਹੀ ਛੂਤ ਵਾਲੀ ਕਿਸਮ ‘ਡੈਲਟਾ’ ਕੋਵਿਡ-19 ਮਹਾਮਾਰੀ ਦਾ ਖ਼ਾਤਮਾ ਕਰਨ ਸਬੰਧੀ ਅਮਰੀਕੀ ਕੋਸ਼ਿਸ਼ਾਂ ਲਈ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਵਾਇਰਸ ਦਾ ਇਹ ਰੂਪ ਸਭ ਤੋਂ ਪਹਿਲਾਂ ਭਾਰਤ ਵਿਚ ਮਿਲਿਆ ਸੀ ਅਤੇ ਇਹ ਵਧੇਰੇ ਛੂਤ ਵਾਲੀ ਕਿਸਮ ਹੈ ਤੇ ਇਸ ਨਾਲ ਜ਼ਿਆਦਾ ਗੰਭੀਰ ਬਿਮਾਰੀ ਹੋ ਸਕਦੀ ਹੈ। ਵ੍ਹਾਈਟ ਹਾਊਸ ਵਿਚ ਕੋਵਿਡ-19 ਸਬੰਧੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ੌਚੀ ਨੇ ਕਿਹਾ ਕਿ ਅਮਰੀਕਾ ਵਿਚ ਸਾਹਮਣੇ ਆਉਣ ਵਾਲੇ ਕੋਵਿਡ-19 ਦੇ ਨਵੇਂ ਮਾਮਲਿਆਂ ’ਚੋਂ 20 ਫ਼ੀਸਦ ਤੋਂ ਵੱਧ ਵਿਚ ਲਾਗ ਦੀ ਵਜ੍ਹਾ ਡੈਲਟਾ ਰੂਪ ਹੈ। ਉਨ੍ਹਾਂ ਕਿਹਾ ਕਿ ਦੋ ਹਫ਼ਤੇ ਪਹਿਲਾਂ ਤੱਕ ਨਵੇਂ ਮਾਮਲਿਆਂ ਵਿਚੋਂ 10 ਫ਼ੀਸਦ ’ਚ ਇਹ ਰੂਪ ਪਾਇਆ ਗਿਆ ਸੀ। ਅਮਰੀਕਾ ਵਿਚ ਐਲਰਜੀ ਤੇ ਲਾਗ ਵਾਲੀਆਂ ਬਿਮਾਰੀਆਂ ਦੀ ਕੌਮੀ ਸੰਸਥਾ (ਐੱਨਆਈਏਆਈਡੀ) ਦੇ ਮੁਖੀ ਫੌਚੀ ਨੇ ਕਿਹਾ, ‘‘ਬਰਤਾਨੀਆ ਵਿਚ ਜਿਵੇਂ ਦੇ ਹਾਲਾਤ ਹਨ ਉਸੇ ਤਰ੍ਹਾਂ ਅਮਰੀਕਾ ਵਿਚ ਵੀ ਡੈਲਟਾ ਰੂਪ ਕੋਵਿਡ-19 ਦਾ ਖ਼ਾਤਮਾ ਕਰਨ ਸਬੰਧੀ ਸਾਡੀਆਂ ਕੋਸ਼ਿਸ਼ਾਂ ਨੂੰ ਸਭ ਤੋਂ ਵੱਡਾ ਖ਼ਤਰਾ ਹੈ।’’
ਉਨ੍ਹਾਂ ਕਿਹਾ, ‘‘ਚੰਗੀ ਖ਼ਬਰ ਇਹ ਹੈ ਕਿ ਅਮਰੀਕਾ ਦੇ ਟੀਕੇ ਡੈਲਟਾ ਰੂਪ ਖ਼ਿਲਾਫ਼ ਪ੍ਰਭਾਵੀ ਹਨ ਅਤੇ ਸਾਡੇ ਕੋਲ ਹਥਿਆਰ ਹਨ ਤਾਂ ਉਨ੍ਹਾਂ ਦਾ ਇਸਤੇਮਾਲ ਮਹਾਮਾਰੀ ਦਾ ਖ਼ਾਤਮਾ ਕਰਨ ਲਈ ਕੀਤਾ ਜਾਵੇਗਾ।’’ ਜ਼ਿਕਰਯੋਗ ਹੈ ਕਿ ਬਰਤਾਨੀਆ ਵਿਚ ਕਰੋਨਾ ਦਾ ਡੇਲਟਾ ਰੂਪ ਹਾਵੀ ਹੋ ਚੁੱਕਾ ਹੈ ਅਤੇ ਇੱਥੇ ਸਭ ਤੋਂ ਪਹਿਲਾਂ ਸਾਹਮਣੇ ਆਏ ਅਲਫ਼ਾ ਰੂਪ ਦੇ ਮੁਕਾਬਲੇ ਜ਼ਿਆਦਾ ਫੈਲ ਚੁੱਕਿਆ ਹੈ। ਇੱਥੇ 90 ਫ਼ੀਸਦ ਤੋਂ ਜ਼ਿਆਦਾ ਨਵੇਂ ਮਾਮਲਿਆਂ ਦਾ ਕਾਰਨ ਡੈਲਟਾ ਰੂਪ ਹੈ ਅਤੇ ਇਸ ਦੇ ਪ੍ਰਕੋਪ ਕਰ ਕੇ ਬਰਤਾਨੀਆ ਵਿਚ ਗਤੀਵਿਧੀਆਂ ਨੂੰ ਮਨਜ਼ੂਰੀ ਦੇਣ ਵਿਚ ਵੀ ਦੇਰ ਕੀਤੀ ਜਾ ਰਹੀ ਹੈ। ਅਮਰੀਕਾ ਦੇ ਡਿਜ਼ੀਜ਼ ਕੰਟਰੋਲ ਤੇ ਰੋਕਥਾਮ ਕੇਂਦਰ ਨੇ ਡੈਲਟਾ ਨੂੰ ਬੇਹੱਦ ਛੂਤ ਵਾਲੀ ਕਿਸਮ ਦੱਸਦੇ ਹੋਏ ਇਸ ਨੂੰ ‘ਚਿੰਤਾ ਵਾਲੇ ਰੂਪ’ ਦੀ ਸ਼੍ਰੇਣੀ ਵਿਚ ਪਾਇਆ ਹੈ। ਫੌਚੀ ਨੇ ਕਿਹਾ ਕਿ ਡੈਲਟਾ ਰੂਪ ਦੇ ਫੈਲਣ ਦੀ ਸਮਰੱਥਾ ਅਲਫ਼ਾ ਰੂਪ ਦੇ ਮੁਕਾਬਲੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਰੂਪ ਵਿਚ ਮਰੀਜ਼ ਦੇ ਹਸਪਤਾਲ ’ਚ ਭਰਤੀ ਹੋਣ ਦਾ ਜੋਖ਼ਮ ਜ਼ਿਆਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੰਡਨ ਦੇ ਇੰਪੀਰੀਅਲ ਕਾਲਜ ਨੇ 1,00,000 ਤੋਂ ਜ਼ਿਆਦਾ ਘਰਾਂ ਵਿਚ ਇਕ ਅਧਿਐਨ ਕੀਤਾ ਅਤੇ ਦੇਖਿਆ ਕਿ 65 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਦੇ ਮੁਕਾਬਲੇ ਵਿਚ ਨੌਜਵਾਨ ਜ਼ਿਆਦਾ ਤੇਜ਼ੀ ਨਾਲ ਲਾਗ ਦੀ ਲਪੇਟ ਵਿੱਚ ਆਏ ਹਨ। -ਪੀਟੀਆਈ