ਨਵੀਂ ਦਿੱਲੀ, 14 ਸਤੰਬਰ
ਪੱਛਮੀ ਬੰਗਾਲ ’ਚ ਪ੍ਰਦਰਸ਼ਨ ਕਰ ਰਹੇ ਭਾਜਪਾ ਵਰਕਰਾਂ ਖ਼ਿਲਾਫ਼ ਕਾਰਵਾਈ ਦੇ ਇਕ ਦਿਨ ਮਗਰੋਂ ਪਾਰਟੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਹੇਠ ਸੂਬੇ ’ਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹੀ ਹੈ। ਭਾਜਪਾ ਨੇ ਮਮਤਾ ’ਤੇ ਪਾਰਟੀ ਵਰਕਰਾਂ ਦੀ ਆਵਾਜ਼ ਦਬਾਉਣ ਲਈ ਪੁਲੀਸ ਤਸ਼ੱਦਦ ਕਰਨ ਦਾ ਦੋਸ਼ ਲਾਇਆ ਹੈ।
ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ’ਚ ਅੰਦਰੂਨੀ ਜੰਗ ਤੋਂ ਧਿਆਨ ਵੰਡਾਉਣ ਲਈ ਮਮਤਾ ਬੈਨਰਜੀ ਭਾਜਪਾ ਮੈਂਬਰਾਂ ਖ਼ਿਲਾਫ਼ ਤਾਕਤ ਦੀ ਵਰਤੋਂ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਸੂਬੇ ’ਚ ਫੈਲੇ ਭ੍ਰਿਸ਼ਟਾਚਾਰ ਦੇ ਵਿਰੋਧ ’ਚ ਹੁਕਮਰਾਨ ਤ੍ਰਿਣਮੂਲ ਕਾਂਗਰਸ ਖ਼ਿਲਾਫ਼ ਵਿਰੋਧ ਮਾਰਚ ਕੱਢਿਆ ਸੀ। ਪੱਛਮੀ ਬੰਗਾਲ ’ਚ ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਉਸ ਦੇ ਇਕ ਹਜ਼ਾਰ ਤੋਂ ਜ਼ਿਆਦਾ ਵਰਕਰ ਜ਼ਖ਼ਮੀ ਹੋਏ ਹਨ ਅਤੇ ਦੋਸ਼ ਲਾਇਆ ਕਿ ਤਸ਼ੱਦਦ ਢਾਹੁਣ ’ਚ ਮਮਤਾ ਨੇ ਕਮਿਊਨਿਸਟ ਪਾਰਟੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਾਬਕਾ ਕੇਂਦਰੀ ਮੰਤਰੀ ਪ੍ਰਸਾਦ ਨੇ ਕਿਹਾ ਕਿ ਮਮਤਾ ਸੂਬੇ ਤੋਂ ਬਾਹਰ ਲੋਕਤੰਤਰ ਬਚਾਉਣ ਦੀ ਗੱਲ ਕਰਦੀ ਹੈ ਜਦਕਿ ਬੰਗਾਲ ’ਚ ਉਹ ਲੋਕਾਂ ਦੇ ਲੋਕਤੰਤਰੀ ਅਤੇ ਮਨੁੱਖੀ ਹੱਕਾਂ ਦਾ ਘਾਣ ਕਰਨ ਲਈ ਸਾਰੀਆਂ ਹੱਦਾਂ ਟਪ ਗਈ ਹੈ। -ਪੀਟੀਆਈ
ਪੁਲੀਸ ਗੋਲੀ ਚਲਾ ਸਕਦੀ ਸੀ ਪਰ ਸਰਕਾਰ ਨੇ ਸੰਜਮ ਵਰਤਿਆ: ਮਮਤਾ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਸਕੱਤਰੇਤ ਵੱਲ ਵਧ ਰਹੇ ਹਿੰਸਕ ਭਾਜਪਾ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਗੋਲੀ ਚਲਾ ਸਕਦੀ ਸੀ ਪਰ ਸਰਕਾਰ ਨੇ ਸੰਜਮ ਵਰਤਿਆ। ਉਨ੍ਹਾਂ ਦੋਸ਼ ਲਾਇਆ ਕਿ ਭਗਵਾ ਪਾਰਟੀ ਆਪਣੇ ਅੰਦੋਲਨ ਦੌਰਾਨ ਬਾਹਰੋਂ ਗੁੰਡਿਆਂ ਨੂੰ ਲਿਆਈ ਸੀ। ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਭਾਜਪਾ ਵਰਕਰਾਂ ਨੇ ਕਈ ਪੁਲੀਸ ਕਰਮੀਆਂ ਨੂੰ ਹਮਲਾ ਕਰਕੇ ਜਖ਼ਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਾਨੂੰਨੀ ਕੀਤੀ ਜਾ ਰਹੀ ਹੈ। ਇਸ ਦੌਰਾਨ ਇਕ ਪੁਲੀਸ ਅਧਿਕਾਰੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏਸੀਪੀ ਦੇਬਾਜੀਤ ਚਟੋਪਾਧਿਆਏ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਲਾਠੀਆਂ ਮਾਰੀਆਂ ਗਈਆਂ ਸਨ। ਚਟੋਪਾਧਿਆਏ ਹਸਪਤਾਲ ਦਾਖ਼ਲ ਹਨ। ਟੀਐੱਮਸੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਿਹਾ ਕਿ ਜੇਕਰ ਪੱਛਮੀ ਬੰਗਾਲ ਸਰਕਾਰ, ਉੱਤਰ ਪ੍ਰਦੇਸ਼ ਸਰਕਾਰ ਦੇ ਮਾਡਲ ਨੂੰ ਅਪਣਾਏ ਤਾਂ ਉਹ ਭਾਜਪਾ ਵਰਕਰਾਂ ਦੇ ਘਰਾਂ ’ਤੇ ਬੁਲਡੋਜ਼ਰ ਭੇਜ ਸਕਦੀ ਹੈ।
ਟੀਐੱਮਸੀ ਦੇ ਇਕ ਹਮਾਇਤੀ ’ਤੇ ਹਮਲੇ ਦੇ ਬਦਲੇ ’ਚ ਭਾਜਪਾ ਦੇ ਦੋ ਜਣਿਆਂ ਨੂੰ ਕੁੱਟਾਂਗੇ: ਮੰਤਰੀ
ਕੋਲਕਾਤਾ: ਪੱਛਮੀ ਬੰਗਾਲ ਦੇ ਮੰਤਰੀ ਉਦਯਨ ਗੁਹਾ ਨੇ ਕਿਹਾ ਕਿ ਟੀਐੱਮਸੀ ਵਰਕਰਾਂ ਨੇ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ ਹਨ ਅਤੇ ਜੇਕਰ ਇਕ ਵੀ ਵਰਕਰ ’ਤੇ ਹਮਲਾ ਹੋਇਆ ਤਾਂ ਭਾਜਪਾ ਦੇ ਦੋ ਵਰਕਰਾਂ ਨੂੰ ਕੁੱਟਾਂਗੇ। ਕੂਚ ਬਿਹਾਰ ਜ਼ਿਲ੍ਹੇ ਦੇ ਦਿਨਹਾਟਾ ਤੋਂ ਵਿਧਾਇਕ ਗੁਹਾ ਨੇ ਸੀਤਲਕੂਚੀ ’ਚ ਪਾਰਟੀ ਮੀਟਿੰਗ ਮਗਰੋਂ ਕਿਹਾ ਕਿ ਜੇਕਰ ਤ੍ਰਿਣਮੂਲ ਦੇ ਵਰਕਰਾਂ ’ਤੇ ਹਮਲੇ ਹੋਏ ਤਾਂ ਉਹ ਚੁੱਪ ਨਹੀਂ ਬੈਠਣਗੇ। -ਪੀਟੀਆਈ