ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਫਰਵਰੀ
ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਉਪਰ ਚੱਲ ਰਹੇ ਸੰਘਰਸ਼ ਵਿੱਚ ਹਰ ਕੋਈ ਕਿਵੇਂ ਨਾ ਕਿਵੇਂ ਸੀਰ ਪਾ ਰਿਹਾ ਹੈ। ਨੌਜਵਾਨਾਂ ਵੱਲੋਂ ਵੀ ਆਪਣੇ ਤਰੀਕਿਆਂ ਨਾਲ ਕਿਸਾਨਾਂ ਦਾ ਹੌਸਲਾ ਵਧਾਇਆ ਜਾ ਰਿਹਾ ਹੈ। ਅਜਿਹਾ ਹੀ ਉਤਸ਼ਾਹੀ ਨੌਜਵਾਨ ਜਗਦੀਪ ਸਿੰਘ, ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਚੀਮਾ ਤੋਂ ਸਤੰਬਰ 2020 ਨੂੰ ਪੈਦਲ ਤੁਰਿਆ ਸੀ। ਉਹ ਹੁਣ ਤੱਕ ਤਿੰਨ ਤਖ਼ਤਾਂ- ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀ ਪੈਦਲ ਯਾਤਰਾ ਕਰ ਚੁੱਕਾ ਹੈ ਤੇ ਹੁਣ ਸ੍ਰੀ ਹਜ਼ੂਰ ਸਾਹਿਬ ਜਾਣ ਦੀ ਤਿਆਰੀ ਵਿੱਚ ਹੈ। ਉਸ ਨੇ 3700 ਕਿਲੋਮੀਟਰ ਪੈਦਲ ਚੱਲ ਕੇ ਕਿਸਾਨੀ ਮੰਗਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ। ਕਿਸਾਨੀ ਮੰਗਾਂ ਲਈ ਘੋਲ ਨੂੰ ਸ਼ਾਂਤਮਈ ਤਰੀਕੇ ਨਾਲ ਚਲਾਉਣ ਦੇ ਕਿਸਾਨ ਜਥੇਬੰਦੀਆਂ ਦੇ ਸੱਦੇ ਨੂੰ ਆਮ ਲੋਕਾਂ ਵਿੱਚ ਵੰਡਦੇ ਹੋਏ 38 ਸਾਲਾਂ ਦੇ ਜਗਦੀਪ ਸਿੰਘ ਨੇ ਸਿੰਘੂ ’ਤੇ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ। ਧਰਨੇ ਵਿੱਚ ਸ਼ਾਮਲ ਕਿਸਾਨਾਂ ਨੇ ਉਸ ਦੀ ਹਿੰਮਤ ਦੀ ਦਾਦ ਦਿੱਤੀ। ਉਸ ਨੇ ਦੱਸਿਆ ਕਿ ਰਾਹ ਵਿੱਚ ਦੋ ਵਾਰ ਉਸ ਦਾ ਮੋਬਾਈਲ ਖੋਹਿਆ ਗਿਆ।