ਨਵੀਂ ਦਿੱਲੀ:
ਕਾਂਗਰਸ ਨੇ ਅਡਾਨੀ ਸਮੂਹ ਨਾਲ ਜੁੜੀ ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਕੇਂਦਰ ’ਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਦੇ ਨਾਲ ਹੀ ਅਜਿਹੇ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦਾ ਗਠਨ ਕੀਤਾ ਜਾਵੇਗਾ। ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਅਡਾਨੀ ਸਮੂਹ ਨੇ ਤਾਮਿਲਨਾਡੂ ਪੀਐੱਸਯੂ ਨਾਲ ਲੈਣ-ਦੇਣ ਵਿੱਚ ਘੱਟ ਮਿਆਰ ਵਾਲੇ ਕੋਲੇ ਨੂੰ ਕਿਤੇ ਵੱਧ ਮਹਿੰਗੇ ਸਵੱਛ ਬਾਲਣ ਵਜੋਂ ਪੇਸ਼ ਕੀਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਤਹਿਤ ਵੱਡਾ ਕੋਲਾ ਘੁਟਾਲਾ ਸਾਹਮਣੇ ਆਇਆ ਹੈ ਅਤੇ ਇਸ ਘੁਟਾਲੇ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇੜਲੇ ਮਿੱਤਰ ਨੇ ਘੱਟ ਮਿਆਰੀ ਕੋਲੇ ਨੂੰ ਤਿੰਨ ਗੁਣਾ ਭਾਅ ’ਤੇ ਵੇਚ ਕੇ ਹਜ਼ਾਰਾਂ ਕਰੋੜ ਰੁਪਏ ਲੁੱਟੇ ਹਨ ਜਿਸ ਦੀ ਕੀਮਤ ਆਮ ਜਨਤਾ ਨੇ ਬਿਜਲੀ ਦਾ ਮਹਿੰਗਾ ਬਿੱਲ ਆਪਣੀ ਜੇਬ ਤੋਂ ਭਰ ਕੇ ਚੁਕਾਈ ਹੈ। ਅਡਾਨੀ ਗਰੁੱਪ ਵੱਲੋਂ ਫਿਲਹਾਲ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਹੈ। ਰਾਹੁਲ ਗਾਂਧੀ ਨੇ ਐਕਸ ’ਤੇ ਪੋਸਟ ਕੀਤਾ, ‘ਕੀ ਪ੍ਰਧਾਨ ਮੰਤਰੀ ਦੱਸਣਗੇ ਕਿ ਇਸ ਖੁੱਲ੍ਹੇ ਭ੍ਰਿਸ਼ਟਾਚਾਰ ’ਤੇ ਈਡੀ, ਸੀਬੀਆਈ ਤੇ ਆਮਦਨ ਕਰ ਵਿਭਾਗ ਨੂੰ ਸ਼ਾਂਤ ਰੱਖਣ ਲਈ ਕਿੰਨੇ ‘ਟੈਂਪੂ’ ਲੱਗੇ? ਚਾਰ ਜੂਨ ਮਗਰੋਂ ਇੰਡੀਆ ਗੱਠਜੋੜ ਦੀ ਸਰਕਾਰ ਇਸ ਮਹਾਘੁਟਾਲੇ ਦੀ ਜਾਂਚ ਕਰਕੇ ਜਨਤਾ ਤੋਂ ਲੁੱਟੇ ਗਏ ਹਰ ਪੈਸੇ ਦਾ ਹਿਸਾਬ ਕਰੇਗੀ।’ -ਪੀਟੀਆਈ