ਨਵੀਂ ਦਿੱਲੀ, 31 ਅਕਤੂਬਰ
ਸੰਸਦ ਦੀ ਉਸਾਰੀ ਅਧੀਨ ਨਵੀਂ ਇਮਾਰਤ ਦੇ ਤਿਆਰ ਹੋਣ ਵਿੱਚ ਨਿਰਧਾਰਤ ਤੋਂ ਵੱਧ ਸਮਾਂ ਲੱਗਣ ਕਾਰਨ ਆਗਾਮੀ ਸਰਦ ਰੁੱਤ ਇਜਲਾਸ ਪੁਰਾਣੀ ਇਮਾਰਤ ਵਿੱਚ ਹੋਣ ਦੇ ਆਸਾਰ ਹਨ। ਅੱਜ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੰਸਦ ਦਾ ਸਰਦ ਰੁੱਤ ਇਜਲਾਸ ਆਮ ਤੌਰ ’ਤੇ ਨਵੰਬਰ ਦੇ ਤੀਜੇ ਹਫ਼ਤੇ ਸ਼ੁਰੂ ਹੁੰਦਾ ਹੈ ਅਤੇ ਸਰਕਾਰ ਦੀ ਕੋਸ਼ਿਸ਼ ਸੀ ਕਿ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇ। ਸੂਤਰਾਂ ਨੇ ਦੱਸਿਆ ਕਿ ਇਸ ਇਮਾਰਤ ਦੀ ਉਸਾਰੀ ਅਹਿਮ ਅਤੇ ਗੁੰਝਲਦਾਰ ਪ੍ਰਾਜੈਕਟ ਹੈ। ਇਸ ਦਾ ਨਿਰਮਾਣ ਬਹੁਤ ਹੀ ਚੁਣੌਤੀਪੂਰਨ ਸਮਾਂ ਸੀਮਾ ਅੰਦਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸਾਰੀ ਦਾ ਕੰਮ 24 ਘੰਟੇ ਚੱਲ ਰਿਹਾ ਹੈ। ਇਸ ਦਾ ਸਿਵਲ ਕਾਰਜ ਲਗਪਗ ਮੁਕੰਮਲ ਹੋ ਚੁੱਕਾ ਹੈ ਪਰ ਇਸ ਨੂੰ ਅੰਤਿਮ ਛੋਹਾਂ ਦੇਣ ਅਤੇ ਬਿਜਲੀ ਦਾ ਕੰਮ ਇਸ ਸਾਲ ਦੇ ਅਖੀਰ ਤੱਕ ਚੱਲ ਸਕਦਾ ਹੈ।
ਸੂਤਰਾਂ ਨੇ ਦੱਸਿਆ ਕਿ ਨਿਰਮਾਣ ਕਾਰਜਾਂ ਦੀ ਰਫਤਾਰ ਤੇਜ਼ ਕਰਨ ਲਈ ਫਰਨੀਚਰ, ਕਾਰਪੇਟ, ਕੰਧ ਚਿੱਤਰ ਅਤੇ ਹੋਰ ਕੰਮ ਵੱਖ-ਵੱਖ ਥਾਵਾਂ ’ਤੇ ਨਾਲ ਦੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਮਾਰਤ ਮੁਕੰਮਲ ਹੋਣ ਦੀ ਕੋਈ ਪੱਕੀ ਤਰੀਕ ਨਹੀਂ ਦਿੱਤੀ ਜਾ ਸਕਦੀ, ਇਸ ਲਈ ਸਰਦ ਰੁੱਤ ਸੈਸ਼ਨ ਪੁਰਾਣੀ ਇਮਾਰਤ ਵਿੱਚ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਮਾਰਤ ਦੀ ਉਸਾਰੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਵੀ ਸੰਸਦ ਦਾ ਸੈਸ਼ਨ ਸੁਚਾਰੂ ਢੰਗ ਨਾਲ ਚਲਾਉਣ ਲਈ ਮੁਲਾਜ਼ਮਾਂ ਨੂੰ ਸਿਖਲਾਈ ਦੇਣ ਵਾਸਤੇ 15-20 ਦਿਨਾਂ ਦਾ ਸਮਾਂ ਚਾਹੀਦਾ ਹੈ। -ਪੀਟੀਆਈ