ਨਵੀਂ ਦਿੱਲੀ, 8 ਫਰਵਰੀ
ਮੁੱਖ ਅੰਸ਼
- ਕਾਂਗਰਸ ਦੀ ਤਿੱਖੀ ਆਲੋਚਨਾ
- ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
- ਬੀਆਰਐੱਸ, ਖੱਬੇ ਪੱਖੀ ਪਾਰਟੀਆਂ ਅਤੇ ਕਾਂਗਰਸ ਦੇ ਕੁਝ ਮੈਂਬਰਾਂ ਨੇ ਭਾਸ਼ਨ ਦੌਰਾਨ ਕੀਤਾ ਵਾਕਆਊਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ‘ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਹੈ ਕਿ ਕਰੋੜਾਂ ਲੋਕਾਂ ਵੱਲੋਂ ਜਤਾਇਆ ਗਿਆ ਭਰੋਸਾ ਉਨ੍ਹਾਂ ਦੀ ਸੁਰੱਖਿਆ ਢਾਲ ਹੈ ਜਿਸ ਨੂੰ ਵਿਰੋਧੀਆਂ ਵੱਲੋਂ ਗਾਲ੍ਹਾਂ ਕੱਢ ਕੇ ਅਤੇ ਦੋਸ਼ ਮੜ੍ਹ ਕੇ ਵਿੰਨ੍ਹਿਆ ਨਹੀਂ ਜਾ ਸਕਦਾ ਹੈ। ਰਾਸ਼ਟਰਪਤੀ ਦੇ ਭਾਸ਼ਨ ‘ਤੇ ਧੰਨਵਾਦ ਮਤੇ ਉਪਰ ਲੋਕ ਸਭਾ ‘ਚ ਚਰਚਾ ਦਾ ਜਵਾਬ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮਹਾਮਾਰੀ ਅਤੇ ਸੰਘਰਸ਼ਾਂ ਕਾਰਨ ਦੁਨੀਆ ਦੇ ਕੁਝ ਹਿੱਸਿਆਂ ‘ਚ ਅਸਥਿਰਤਾ ਦਰਮਿਆਨ ਸੰਸਾਰ ਭਾਰਤ ਵੱਲ ਬੜੀਆਂ ਆਸਾਂ ਨਾਲ ਦੇਖ ਰਿਹਾ ਹੈ। ਵਿਰੋਧੀ ਧਿਰ ਵੱਲ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ,”ਪਰ ਨਿਰਾਸ਼ਾ ‘ਚ ਡੁੱਬੇ ਕੁਝ ਲੋਕ ਭਾਰਤ ਦੀ ਵਿਕਾਸ ਗਾਥਾ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। ਉਹ 140 ਕਰੋੜ ਭਾਰਤੀਆਂ ਦੀਆਂ ਪ੍ਰਾਪਤੀਆਂ ਨੂੰ ਦੇਖ ਨਹੀਂ ਸਕਦੇ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਮੋਦੀ ਸੰਕਟ ਦੇ ਸਮੇਂ ‘ਚ ਉਨ੍ਹਾਂ ਦੀ ਸਹਾਇਤਾ ਲਈ ਬਹੁੜਿਆ ਸੀ। ‘ਲੋਕ ਤੁਹਾਡੀਆਂ ਗਾਲਾਂ ਅਤੇ ਦੋਸ਼ਾਂ ਨਾਲ ਕਿਵੇਂ ਸਹਿਮਤ ਹੋਣਗੇ। ਅਖ਼ਬਾਰਾਂ ਦੀਆਂ ਸੁਰਖੀਆਂ ਜਾਂ ਟੀਵੀ ਫੁਟੇਜਾਂ ਕਾਰਨ ਨਹੀਂ ਸਗੋਂ ਮੇਰੀ ਸੇਵਾ ਪ੍ਰਤੀ ਵਰ੍ਹਿਆਂ ਦੀ ਤਪੱਸਿਆ ਨੂੰ ਦੇਖ ਕੇ ਲੋਕ ਮੋਦੀ ‘ਤੇ ਭਰੋਸਾ ਕਰਦੇ ਹਨ।’ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਲੋਕ ਭਲਾਈ ਲਈ ਕੀਤੇ ਗਏ ਕੰਮਾਂ ਦੀ ਸੂਚੀ ਗਿਣਾਈ ਤਾਂ ਭਾਜਪਾ ਮੈਂਬਰ ‘ਮੋਦੀ, ਮੋਦੀ’ ਦੇ ਨਾਅਰੇ ਲਗਾਉਣ ਲੱਗ ਪਏ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਭਾਜਪਾ ਮੈਂਬਰਾਂ ਦੇ ਟਾਕਰੇ ਲਈ ‘ਅਡਾਨੀ, ਅਡਾਨੀ’ ਦੇ ਨਾਅਰੇ ਲਗਾਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਉਸਾਰੂ ਆਲੋਚਨਾ ਦੀ ਬਜਾਏ ਆਧਾਰਹੀਣ ਦੋਸ਼ਾਂ ‘ਚ ਪਿਛਲੇ 9 ਸਾਲ ਬਰਬਾਦ ਕਰ ਦਿੱਤੇ ਹਨ। ‘ਜਦੋਂ ਤੁਸੀਂ ਚੋਣਾਂ ਹਾਰਦੇ ਹੋ ਤਾਂ ਈਵੀਐੱਮਜ਼ ਨੂੰ ਦੋਸ਼ੀ ਮੰਨਦੇ ਹੋ, ਚੋਣ ਕਮਿਸ਼ਨ ਦੀ ਆਲੋਚਨਾ ਕਰਦੇ ਹੋ। ਜੇਕਰ ਸੁਪਰੀਮ ਕੋਰਟ ਪਸੰਦੀਦਾ ਫ਼ੈਸਲਾ ਨਹੀਂ ਦਿੰਦਾ ਹੈ ਤਾਂ ਤੁਸੀਂ ਉਸ ਦੀ ਆਲੋਚਨਾ ਵੀ ਕਰਦੇ ਹੋ।’ ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਭ੍ਰਿਸ਼ਟਾਚਾਰ ਦੀ ਜਾਂਚ ਹੁੰਦੀ ਹੈ ਤਾਂ ਜਾਂਚ ਏਜੰਸੀਆਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਹਨ। ਜੇਕਰ ਫ਼ੌਜ ਬਹਾਦਰੀ ਦਿਖਾਉਂਦੀ ਹੈ ਤਾਂ ਸੈਨਾਵਾਂ ਨੂੰ ਭੰਡਿਆ ਜਾਂਦਾ ਹੈ ਅਤੇ ਦੋਸ਼ ਲਗਾਏ ਜਾਂਦੇ ਹਨ। ਉਨ੍ਹਾਂ ਯੂਪੀਏ ਸਰਕਾਰ ਦੇ 10 ਸਾਲਾਂ ਦੇ ਸਮੇਂ ਨੂੰ ‘ਨਿਘਾਰ ਵਾਲਾ ਦਹਾਕਾ’ ਕਰਾਰ ਦਿੱਤਾ ਅਤੇ ਕਿਹਾ ਕਿ 2030 ਦਾ ਦਹਾਕਾ ਭਾਰਤ ਦਾ ਦਹਾਕਾ ਹੈ। ‘ਕੋਈ ਵੀ 2009 ਦੇ ਹਮਲਿਆਂ ਨੂੰ ਨਹੀਂ ਭੁੱਲ ਸਕਦਾ ਹੈ। ਅਤਿਵਾਦ ਖ਼ਿਲਾਫ਼ ਕਾਰਵਾਈ ਦਾ ਹੌਸਲਾ ਨਾ ਹੋਣ ਕਾਰਨ ਖ਼ੂਨ-ਖ਼ਰਾਬਾ ਹੋਇਆ ਅਤੇ ਬੇਕਸੂਰ ਲੋਕਾਂ ਨੂੰ ਜਾਨ ਗੁਆਉਣੀ ਪਈ। ਇਹ ਯੂਪੀਏ ਦੇ ਮਾੜੇ ਸ਼ਾਸਨ ਦਾ ਸਮਾਨਅਰਥੀ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਮੈਨੂੰਫੈਕਚਰਿੰਗ ਕੇਂਦਰ ਵਜੋਂ ਉੱਭਰ ਰਿਹਾ ਹੈ ਅਤੇ ਦੁਨੀਆ ਦੇਸ਼ ਦੇ ਵਿਕਾਸ ‘ਚ ਆਪਣੀ ਖੁਸ਼ਹਾਲੀ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸੰਸਦ ‘ਚ ਭਾਸ਼ਨ ਹਰ ਕਿਸੇ ਲਈ ਪ੍ਰੇਰਣਾਸ੍ਰੋਤ ਹੈ। ਪ੍ਰਧਾਨ ਮੰਤਰੀ ਜਦੋਂ ਭਾਸ਼ਨ ਦੇ ਰਹੇ ਸਨ ਤਾਂ ਬੀਆਰਐੱਸ, ਖੱਬੇ ਪੱਖੀ ਪਾਰਟੀਆਂ ਅਤੇ ਕਾਂਗਰਸ ਦੇ ਕੁਝ ਮੈਂਬਰ ਨਾਅਰੇਬਾਜ਼ੀ ਕਰਦਿਆਂ ਲੋਕ ਸਭਾ ‘ਚੋਂ ਵਾਕਆਊਟ ਕਰ ਗਏ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਾਂਗਰਸ ‘ਤੇ ਵਰ੍ਹਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਗੰਗਾ ਵਾਂਗ ਪਵਿੱਤਰ ਹੈ ਅਤੇ ਕੋਈ ਵੀ ਉਸ ‘ਤੇ ਦਾਗ਼ ਨਹੀਂ ਲਗਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਮੈਂਬਰ ਕੇਂਦਰੀ ਯੋਜਨਾਵਾਂ ਦੇ ਮੁੱਦੇ ਉਠਾਉਣ ਦੀ ਬਜਾਏ ਬੇਤੁੱਕੇ ਮਾਮਲੇ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਲੋਕ ਸਿਰਫ਼ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਸੁਣਦੇ ਸਨ ਅਤੇ ਉਨ੍ਹਾਂ ਦਾ ਸਿਆਸੀ ਆਗੂਆਂ ਤੋਂ ਭਰੋਸਾ ਉੱਠ ਗਿਆ ਸੀ ਪਰ ਹੁਣ ਹਾਲਾਤ ਬਦਲ ਗਏ ਹਨ। ਰਿਜਿਜੂ ਨੇ ਕਿਹਾ ਕਿ ਕੁਝ ਮੈਂਬਰ ਆਪਣੇ ਸਿਆਸੀ ਹਿੱਤ ਪੁਗਾਉਣ ਲਈ ਸਦਨ ਦੀ ਵਰਤੋਂ ਕਰਦੇ ਹਨ ਜੋ ਅਫ਼ਸੋਸਨਾਕ ਹੈ। ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ‘ਤੇ ਉਠਾਏ ਗਏ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਿਦੇਸ਼ ‘ਚ ਹਨੀਮੂਨ ਜਾਂ ਛੁੱਟੀਆਂ ਮਨਾਉਣ ਲਈ ਨਹੀਂ ਜਾਂਦੇ ਹਨ ਸਗੋਂ ਉਹ ਦੇਸ਼ ਦੀ ਭਲਾਈ ਲਈ ਉਥੇ ਜਾਂਦੇ ਹਨ। ਚਰਚਾ ‘ਚ ਹਿੱਸਾ ਲੈਂਦਿਆਂ ਭਾਜਪਾ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਗਾਂਧੀ ਪਰਿਵਾਰ ‘ਤੇ ਭ੍ਰਿਸ਼ਟਾਚਾਰ ‘ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜ਼ਮਾਨਤ ‘ਤੇ ਬਾਹਰ ਬੈਠੇ ਆਗੂ ਸਰਕਾਰ ਖ਼ਿਲਾਫ਼ ਆਧਾਰਹੀਣ ਦੋਸ਼ ਲਗਾ ਰਹੇ ਹਨ। -ਪੀਟੀਆਈ
ਕੋਰਮ ਪੂਰਾ ਨਾ ਹੋਣ ਕਾਰਨ ਲੋਕ ਸਭਾ ਦੀ ਕਾਰਵਾਈ ਮੁਲਤਵੀ
ਨਵੀਂ ਦਿੱਲੀ: ਕੋਰਮ ਪੂਰਾ ਨਾ ਹੋਣ ਕਾਰਨ ਲੋਕ ਸਭਾ ਦੀ ਕਾਰਵਾਈ ਵੀਰਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ‘ਚ ਬਜਟ ‘ਤੇ ਚਰਚਾ ਦੌਰਾਨ ਜਦੋਂ ਡੀਐੱਮਕੇ ਮੈਂਬਰ ਟੀ ਆਰ ਬਾਲੂ ਨੇ ਭਾਸ਼ਨ ਖ਼ਤਮ ਕੀਤਾ ਤਾਂ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ਸਦਨ ‘ਚ ਕੋਰਮ ਪੂਰਾ ਨਾ ਹੋਣ ਵੱਲ ਧਿਆਨ ਦਿਵਾਇਆ। ਸਪੀਕਰ ਓਮ ਬਿਰਲਾ ਨੇ ਕੋਰਮ ਦੀ ਘੰਟੀ ਵਜਾਉਣ ਦਾ ਨਿਰਦੇਸ਼ ਦਿੱਤਾ। ਸ਼ਾਮ ਕਰੀਬ ਸੱਤ ਵਜੇ ਕੋਰਮ ਪੂਰਾ ਨਾ ਹੋਣ ‘ਤੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਲੋਕ ਸਭਾ ‘ਚ ਕੋਰਮ ਪੂਰਾ ਹੋਣ ਲਈ ਕੁੱਲ ਮੈਂਬਰਾਂ ਦੀ ਘੱਟੋ ਘਟ 10 ਫ਼ੀਸਦ ਗਿਣਤੀ ਯਾਨੀ 55 ਮੈਂਬਰ ਹੋਣੇ ਜ਼ਰੂਰੀ ਹਨ। -ਪੀਟੀਆਈ
ਰਾਹੁਲ ਖ਼ਿਲਾਫ਼ ਮਰਿਆਦਾ ਦਾ ਮਤਾ ਲਿਆਂਦਾ ਜਾਵੇ: ਪ੍ਰਹਿਲਾਦ ਜੋਸ਼ੀ
ਨਵੀਂ ਦਿੱਲੀ: ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਦੋਸ਼ ਲਾਏ ਜਾਣ ਲਈ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਮਰਿਆਦਾ ਦਾ ਮਤਾ ਲਿਆਂਦਾ ਜਾਵੇ। ਲੋਕ ਸਭਾ ‘ਚ ਜੋਸ਼ੀ ਨੇ ਨੇਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੋਈ ਵੀ ਮੈਂਬਰ ਨੋਟਿਸ ਦਿੱਤੇ ਬਿਨਾਂ ਦੋਸ਼ ਨਹੀਂ ਲਗਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦੇ ਬਿਆਨ ਦੇ ਇਤਰਾਜ਼ਯੋਗ ਹਿੱਸਿਆਂ ਨੂੰ ਸਦਨ ਦੀ ਕਾਰਵਾਈ ‘ਚੋਂ ਹਟਾਇਆ ਜਾਵੇ। ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਰਾਹੁਲ ਗਾਂਧੀ ਖ਼ਿਲਾਫ਼ ਮਰਿਆਦਾ ਦਾ ਨੋਟਿਸ ਦਿੱਤਾ। ਪੱਤਰ ‘ਚ ਕਿਹਾ ਗਿਆ ਹੈ ਕਿ ਰਾਹੁਲ ਨੇ ਸਦਨ ਦੇ ਨੇਮਾਂ ਦੀ ਉਲੰਘਣਾ ਕੀਤੀ ਹੈ। -ਆਈਏਐੱਨਐੱਸ
ਪ੍ਰਧਾਨ ਮੰਤਰੀ ਦਾ ਰਾਜ ਸਭਾ ‘ਚ ਸੰਬੋਧਨ ਅੱਜ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਦੋ ਵਜੇ ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਨ ‘ਤੇ ਧੰਨਵਾਦ ਮਤੇ ਉਪਰ ਚਰਚਾ ਦਾ ਜਵਾਬ ਦੇਣਗੇ। ਰਾਜ ਸਭਾ ‘ਚ ਆਖਰੀ ਬੁਲਾਰੇ ਵੱਲੋਂ ਚਰਚਾ ‘ਤੇ ਬੋਲਣ ਮਗਰੋਂ ਚੇਅਰਮੈਨ ਜਗਦੀਪ ਧਨਖੜ ਨੇ ਇਹ ਜਾਣਕਾਰੀ ਦਿੱਤੀ। -ਪੀਟੀਆਈ
ਨੋਟਿਸ ਰੱਦ ਕੀਤੇ ਜਾਣ ‘ਤੇ ‘ਆਪ’ ਅਤੇ ਹੋਰਾਂ ਪਾਰਟੀਆਂ ਵੱਲੋਂ ਰਾਜ ਸਭਾ ‘ਚੋਂ ਵਾਕਆਊਟ
ਨਵੀਂ ਦਿੱਲੀ: ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਵੱਲੋਂ ਕੰਮ ਰੋਕੂ ਮਤੇ ਦੇ ਨੋਟਿਸ ਰੱਦ ਕੀਤੇ ਜਾਣ ਮਗਰੋਂ ਆਮ ਆਦਮੀ ਪਾਰਟੀ, ਸ਼ਿਵ ਸੈਨਾ ਠਾਕਰੇ ਦੇ ਧੜੇ ਅਤੇ ਭਾਰਤ ਰਾਸ਼ਟਰ ਸਮਿਤੀ ਦੇ ਮੈਂਬਰਾਂ ਨੇ ਅੱਜ ਸਦਨ ‘ਚੋਂ ਵਾਕਆਊਟ ਕਰ ਦਿੱਤਾ। ਧਨਖੜ ਨੇ ਕਿਹਾ ਕਿ ਉਨ੍ਹਾਂ ਨੂੰ ਨਿਯਮ 267 ਤਹਿਤ ਚਾਰ ਨੋਟਿਸ ਮਿਲੇ ਸਨ ਜਿਸ ਦੀ ਉਹ ਮਨਜ਼ੂਰੀ ਨਹੀਂ ਦਿੰਦੇ ਹਨ। ਇਸ ‘ਤੇ ‘ਆਪ’, ਬੀਆਰਐੱਸ ਅਤੇ ਸ਼ਿਵ ਸੈਨਾ ਠਾਕਰੇ ਦੇ ਧੜੇ ਦੇ ਮੈਂਬਰਾਂ ਨੇ ਸਦਨ ‘ਚੋਂ ਵਾਕਆਊਟ ਕਰ ਦਿੱਤਾ। ਬਾਅਦ ‘ਚ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸੰਸਦ ਭਵਨ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਵੀ ਕੀਤਾ।
ਮੋਦੀ-ਅਡਾਨੀ ਦੇ ਸਬੰਧਾਂ ਬਾਰੇ ਰਾਹੁਲ ਦੇ ਦੋਸ਼ਾਂ ਨੂੰ ਰਿਕਾਰਡ ‘ਚੋਂ ਹਟਾਇਆ
ਨਵੀਂ ਦਿੱਲੀ (ਟਨਸ): ਲੋਕ ਸਭਾ ਸਪੀਕਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰੋਬਾਰੀ ਗੌਤਮ ਅਡਾਨੀ ਵਿਚਕਾਰ ਸਬੰਧਾਂ ਦੇ ਲਾਏ ਗਏ ਦੋਸ਼ਾਂ ਨੂੰ ਅੱਜ ਸਦਨ ਦੇ ਰਿਕਾਰਡ ‘ਚੋਂ ਹਟਾ ਦਿੱਤਾ। ਰਾਹੁਲ ਨੇ ਰਾਸ਼ਟਰਪਤੀ ਦੇ ਭਾਸ਼ਨ ‘ਤੇ ਧੰਨਵਾਦ ਮਤੇ ਉਪਰ ਹੋਈ ਚਰਚਾ ਦੌਰਾਨ ਦੋਸ਼ ਲਾਇਆ ਸੀ ਕਿ ਮੋਦੀ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਅਡਾਨੀ ਦੀ ਸੰਪਤੀ ਕਈ ਗੁਣਾ ਵਧ ਗਈ ਹੈ। ਅੱਜ ਸਵੇਰੇ ਸਾਢੇ 12 ਵਜੇ ਰਾਹੁਲ ਦੇ ਭਾਸ਼ਨ ਦੇ ਕੁਝ ਹਿੱਸਿਆਂ ਨੂੰ ਕਾਰਵਾਈ ‘ਚੋਂ ਹਟਾਉਣ ਦਾ ਫ਼ੈਸਲਾ ਲਿਆ ਗਿਆ। ਸਪੀਕਰ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਬੂਤਾਂ ਤੋਂ ਬਿਨਾਂ ਸੰਸਦ ‘ਚ ਦੋਸ਼ ਨਹੀਂ ਲਾਏ ਜਾਣੇ ਚਾਹੀਦੇ ਹਨ। ਲੋਕ ਸਭਾ ਸੂਤਰਾਂ ਨੇ ਕਿਹਾ ਕਿ ਰਾਹੁਲ ਨੇ ਦੋਸ਼ ਸਾਬਿਤ ਕਰਨ ਲਈ ਕੋਈ ਸਬੂਤ ਨਹੀਂ ਦਿੱਤੇ ਹਨ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਹੁਲ ਖ਼ਿਲਾਫ਼ ਮਰਿਆਦਾ ਮਤਾ ਲਿਆਉਣ ਲਈ ਅੱਜ ਲੋਕ ਸਭਾ ‘ਚ ਇਕ ਨੋਟਿਸ ਵੀ ਦਿੱਤਾ। ਉਧਰ ਕਾਂਗਰਸ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਜੁੜੇ ਅਡਾਨੀ ਮਹਾ ਘੁਟਾਲੇ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਹਟਾ ਕੇ ਲੋਕ ਸਭਾ ‘ਚ ਲੋਕਤੰਤਰ ਨੂੰ ਦਫ਼ਨਾ ਦਿੱਤਾ ਗਿਆ ਹੈ। ਕਾਂਗਰਸ ਆਗੂ ਦੀ ਟਿੱਪਣੀ ‘ਤੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਕੋਈ ਸਬੂਤ ਹਨ ਤਾਂ ਉਹ ਇਹ ਜਨਤਕ ਕਰਨ।