ਨਵੀਂ ਦਿੱਲੀ, 9 ਸਤੰਬਰ
ਮੁੱਖ ਅੰਸ਼
- ਵਿਵਾਦਤ ਇਲਾਕਿਆਂ ’ਚ ਬਣੇ ਢਾਂਚੇ ਵੀ ਢਾਹੇ ਜਾਣਗੇ
ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦੇ ਪੂਰਬੀ ਲੱਦਾਖ ਦੇ ਗੋਗਰਾ-ਹੌਟਸਪਰਿੰਗਸ ਇਲਾਕੇ ’ਚੋਂ ਪਿੱਛੇ ਹਟਣ ਦਾ ਅਮਲ 12 ਸਤੰਬਰ ਤੱਕ ਮੁਕੰਮਲ ਹੋ ਜਾਵੇਗਾ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੋਵੇਂ ਮੁਲਕਾਂ ਨੇ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਬਹਾਲੀ ਅਤੇ ਹੋਰ ਬਕਾਇਆ ਮੁੱਦਿਆਂ ਦੇ ਹੱਲ ਲਈ ਅੱਗੇ ਗੱਲਬਾਤ ਜਾਰੀ ਰੱਖਣ ’ਤੇ ਵੀ ਸਹਿਮਤੀ ਜਤਾਈ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ,‘‘ਦੋਵੇਂ ਮੁਲਕਾਂ ਵੱਲੋਂ ਇਲਾਕੇ ’ਚ ਬਣਾਏ ਗਏ ਸਾਰੇ ਆਰਜ਼ੀ ਤੇ ਹੋਰ ਢਾਂਚਿਆਂ ਨੂੰ ਢਾਹੁਣ ਅਤੇ ਉਨ੍ਹਾਂ ਦੀ ਤਸਦੀਕ ਕਰਨ ਬਾਰੇ ਵੀ ਸਹਿਮਤੀ ਬਣੀ ਹੈ। ਇਲਾਕੇ ’ਚ ਟਕਰਾਅ ਤੋਂ ਪਹਿਲਾਂ ਵਾਲੇ ਹਾਲਾਤ ਬਹਾਲ ਕੀਤੇ ਜਾਣਗੇ।’’ ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਦੇ ਕੋਰ ਕਮਾਂਡਰਾਂ ਵਿਚਕਾਰ 17 ਜੁਲਾਈ ਨੂੰ ਚੁਸ਼ੂਲ ਮੋਲਡੋ ਮੀਟਿੰਗ ਪੁਆਇੰਟ ’ਤੇ ਹੋਈ 16ਵੇਂ ਗੇੜ ਦੀ ਗੱਲਬਾਤ ਮਗਰੋਂ ਫ਼ੌਜਾਂ ਪਿੱਛੇ ਹਟਾਉਣ ਦਾ ਮੁੱਢ ਬੱਝਿਆ ਸੀ ਜਿਸ ਦੇ ਨਤੀਜੇ ਵਜੋਂ ਹੁਣ ਗੋਗਰਾ-ਹੌਟਸਪਰਿੰਗਸ ਤੋਂ ਫ਼ੌਜ ਪਿੱਛੇ ਹਟਾਈ ਜਾ ਰਹੀ ਹੈ। ਬਾਗਚੀ ਨੇ ਕਿਹਾ ਕਿ ਸਮਝੌਤੇ ਤਹਿਤ ਇਲਾਕੇ ’ਚੋਂ ਫ਼ੌਜ ਪਿੱਛੇ ਹਟਾਉਣ ਦਾ ਕੰਮ 8 ਸਤੰਬਰ ਨੂੰ ਸਵੇਰੇ ਸਾਢੇ 8 ਵਜੇ ਤੋਂ ਸ਼ੁਰੂ ਹੋ ਗਿਆ ਹੈ ਜੋ 12 ਸਤੰਬਰ ਤੱਕ ਮੁਕੰਮਲ ਹੋ ਜਾਵੇਗਾ। ‘ਸਮਝੌਤੇ ਤਹਿਤ ਇਲਾਕੇ ’ਚ ਅਸਲ ਕੰਟਰੋਲ ਰੇਖਾ ’ਤੇ ਸਖਤੀ ਨਾਲ ਨਜ਼ਰ ਰੱਖੀ ਜਾਵੇਗੀ ਅਤੇ ਇਸ ਦਾ ਦੋਵੇਂ ਮੁਲਕ ਪਾਲਣ ਕਰਨਗੇ ਤੇ ਸਥਿਤੀ ’ਚ ਕੋਈ ਇਕਪਾਸੜ ਬਦਲਾਅ ਨਹੀਂ ਕੀਤਾ ਜਾਵੇਗਾ।’ ਉਧਰ ਪੇਈਚਿੰਗ ’ਚ ਚੀਨੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਜਿਆਨਨ ਡਾਬਾਨ ਦੇ ਇਲਾਕੇ ’ਚੋਂ ਚੀਨੀ ਅਤੇ ਭਾਰਤੀ ਫ਼ੌਜੀਆਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। -ਪੀਟੀਆਈ
ਚੀਨ ਨਾਲ ਲੱਗਦੀ ਸਰਹੱਦ ’ਤੇ ਬਣਨਗੇ ਹੈਲੀਪੈਡ
ਤੇਜ਼ੂ: ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਵਿਚ ਚੀਨ ਨਾਲ ਲੱਗਦੀਆਂ ਸਾਰੀਆਂ ਸਰਹੱਦੀ ਚੌਕੀਆਂ ’ਤੇ ਘੱਟੋ-ਘੱਟ ਇਕ ਵੱਡਾ ਹੈਲੀਪੈਡ ਬਣਾਇਆ ਜਾਵੇਗਾ ਤਾਂ ਜੋ ਸੈਨਿਕਾਂ ਨੂੰ ਲੋੜ ਪੈਣ ’ਤੇ ਤੁਰੰਤ ਸਰਹੱਦ ਉਤੇ ਤਾਇਨਾਤ ਕੀਤਾ ਜਾ ਸਕੇ। ਇਸ ਕਦਮ ਨਾਲ ਫ਼ੌਜੀ ਸਾਜ਼ੋ-ਸਾਮਾਨ ਨੂੰ ਵੀ ਘੱਟ ਸਮੇਂ ’ਚ ਬਹੁ-ਮੰਤਵੀ ਚਿਨੂਕ ਹੈਲੀਕਾਪਟਰਾਂ ਰਾਹੀਂ ਸਰਹੱਦ ਉਤੇ ਪਹੁੰਚਾਇਆ ਜਾ ਸਕੇਗਾ। ਅਧਿਕਾਰੀ ਨੇ ਦੱਸਿਆ ਕਿ ਇਹ ਕਦਮ ਖੇਤਰ ਵਿਚ ਭਾਰਤ ਦੀ ਜੰਗੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦ ਦੇ ਨਾਲ ਸਥਿਤ ਸਾਰੀਆਂ ਚੌਕੀਆਂ ਤੇ ਫ਼ੌਜੀ ਇਕਾਈਆਂ ਨੂੰ ‘ਆਪਟੀਕਲ ਫਾਈਬਰ ਨੈੱਟਵਰਕ’ ਨਾਲ ਜੋੜਿਆ ਜਾਵੇਗਾ। ਇਨ੍ਹਾਂ ਸਾਰੀਆਂ ਚੌਕੀਆਂ ਦੇ ਵੱਖੋ-ਵੱਖ ਸੈਟੇਲਾਈਟ ਟਰਮੀਨਲ ਹੋਣਗੇ। ਇਸ ਨਾਲ ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਚੀਨ ਦੀਆਂ ਗਤੀਵਿਧੀਆਂ ਉਤੇ ਹੋਰ ਬਿਹਤਰ ਢੰਗ ਨਾਲ ਨਜ਼ਰ ਰੱਖੀ ਜਾ ਸਕੇਗੀ। ਫ਼ੌਜ ਦੇ ਅਧਿਕਾਰੀ ਮੁਤਾਬਕ ਪਿਛਲੇ ਦੋ ਸਾਲਾਂ ਵਿਚ ਫ਼ੌਜੀ ਯੂਨਿਟਾਂ ਨੂੰ ਨਵੇਂ ਮਾਰੂ ਹਥਿਆਰਾਂ, ਦੂਰੋਂ ਚਲਾਏ ਜਾ ਸਕਣ ਵਾਲੇ ਏਅਰਕਰਾਫ਼ਟ ਢਾਂਚਿਆਂ, ਹਰ ਥਾਂ ਪਹੁੰਚਣ ਵਾਲੇ ਵਾਹਨਾਂ, ਸੰਚਾਰ ਤੇ ਨਿਗਰਾਨੀ ਉਪਕਰਨਾਂ ਨਾਲ ਲੈਸ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਕਈ ਉਪਕਰਨ ਪਹਿਲਾਂ ਹੀ ਐਲਏਸੀ ’ਤੇ ਨਿਗਰਾਨੀ ਕਰ ਰਹੇ ਹਨ। ਪੂਰਬੀ ਅਰੁਣਾਚਲ ਪ੍ਰਦੇਸ਼ ਵਿਚ ‘ਮਾਊਂਟੇਨ ਬ੍ਰਿਗੇਡ’ ਦੇ ਕਮਾਂਡਰ ਬ੍ਰਿਗੇਡੀਅਰ ਟੀ.ਐਮ. ਸਿਨਹਾ ਨੇ ਦੱਸਿਆ ਕਿ ਫ਼ੌਜ ਪੂਰਬੀ ਸੈਕਟਰ ਦੇ ਸਰਹੱਦ ਨੇੜਲੇ ਖੇਤਰਾਂ ਵਿਚ ਢਾਂਚਾ ਵਿਕਾਸ ਲਈ ਵੱਡੇ ਪੱਧਰ ਉਤੇ ਕੰਮ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਮਰੱਥਾ ਵਿਚ ਵਾਧੇ ਲਈ ਅਰੁਣਾਚਲ ਵਿਚ ਸੈਨਾ ਨੂੰ ਅਮਰੀਕੀ, ਇਜ਼ਰਾਇਲੀ ਹਥਿਆਰਾਂ ਤੇ ਉਪਕਰਨਾਂ ਨਾਲ ਲੈਸ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹੈਲੀਪੈਡ ਬਣਾਉਣ ਦਾ ਕੰਮ ਪੂਰੇ ਜ਼ੋਰ ਨਾਲ ਚੱਲ ਰਿਹਾ ਹੈ ਤੇ ਇੱਥੇ ਅਮਰੀਕਾ ਤੋਂ ਖ਼ਰੀਦੇ ਗਏ ਚਿਨੂਕ 47(ਐਫ) ਹੈਲੀਕਾਪਟਰ ਉਤਰ ਸਕਣਗੇ। ਉਨ੍ਹਾਂ ਕਿਹਾ ਕਿ ਹਰੇਕ ਹੈਲੀਪੈਡ ਇਕ-ਦੂਜੇ ਤੋਂ 8-10 ਕਿਲੋਮੀਟਰ ਦੀ ਦੂਰੀ ਉਤੇ ਹੋਵੇਗਾ। -ਪੀਟੀਆਈ
ਸਰਹੱਦ ’ਤੇ ਸ਼ਾਂਤੀ ਬਹਾਲੀ ਲਈ ਹਾਂ-ਪੱਖੀ ਕਦਮ: ਚੀਨ
ਪੇਈਚਿੰਗ: ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ਤੋਂ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦੀ ਵਾਪਸੀ ਹਾਂ-ਪੱਖੀ ਕਦਮ ਹੈ। ਉਸ ਨੇ ਕਿਹਾ ਕਿ ਚੀਨ ਸ਼ਾਂਤੀ ਅਤੇ ਸਥਿਰਤਾ ਬਹਾਲ ਰੱਖਣ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਦਾ ਇੱਛੁਕ ਹੈ। ਉਜ਼ਬੇਕਿਸਤਾਨ ’ਚ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਦੇ ਸਾਲਾਨਾ ਸਿਖਰ ਸੰਮਲੇਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਸੰਭਾਵੀ ਮੀਟਿੰਗ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। -ਪੀਟੀਆਈ