ਸ੍ਰੀਨਗਰ, 7 ਜਨਵਰੀ
ਪਿਛਲੇ ਚਾਰ ਦਿਨਾਂ ਤੋਂ ਹੋ ਰਹੀ ਬਰਫ਼ਬਾਰੀ ਕਾਰਨ ਅੱਜ ਲਗਾਤਾਰ ਪੰਜਵੇਂ ਦਿਨ ਵੀ ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ਆਵਾਜਾਈ ਲਈ ਬੰਦ ਰਿਹਾ। ਭਾਰੀ ਬਰਫ਼ਬਾਰੀ ਕਾਰਨ ਸਾਰੀ ਵਾਦੀ ਵਿੱਚ ਘੱਟੋ-ਘੱਟ ਤਾਪਮਾਨ ਜੰਮਣ ਵਾਲੇ ਪੁਆਇੰਟ ਤੋਂ ਹੇਠਾਂ ਚੱਲ ਰਿਹਾ ਹੈ। ਹਾਲਾਂਕਿ ਚਾਰ ਦਿਨਾਂ ਬਾਅਦ ਅੱਜ ਸਵੇਰੇ ਵਾਦੀ ਤੋਂ ਅਤੇ ਵਾਦੀ ਲਈ ਹਵਾਈ ਆਵਾਜਾਈ ਬਹਾਲ ਹੋ ਗਈ।ਅਧਿਕਾਰੀਆਂ ਨੇ ਦੱਸਿਆ ਕਿ ਹਰੇਕ ਮੌਸਮ ਵਿੱਚ ਕਸ਼ਮੀਰ ਨੂੰ ਬਾਕੀ ਦੇਸ਼ ਨਾਲ ਜੋੜ ਕੇ ਰੱਖਣ ਵਾਲਾ 260 ਕਿਲੋਮੀਟਰ ਲੰਬਾ ਕੌਮੀ ਸ਼ਾਹਰਾਹ ਭਾਰੀ ਬਰਫ਼ਬਾਰੀ ਤੇ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ ਐਤਵਾਰ ਨੂੰ ਬੰਦ ਹੋ ਗਿਆ ਸੀ। ਟਰੈਫਿਕ ਕੰਟਰੋਲ ਰੂਮ ਦੇ ਅਧਿਕਾਰੀ ਨੇ ਕਿਹਾ, ‘‘ਅੱਜ ਵੀ ਸ਼ਾਹਰਾਹ ’ਤੇ ਵਾਹਨਾਂ ਦੀ ਆਵਾਜਾਈ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ।’’ ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਦੇ ਮੁਲਾਜ਼ਮ ਤੇ ਮਸ਼ੀਨਰੀ ਸ਼ਾਹਰਾਹ ਤੋਂ ਬਰਫ਼ ਹਟਾਉਣ ਦੇ ਕੰਮ ’ਚ ਲੱਗੀ ਹੋਈ ਹੈ ਪਰ ਸੜਕ ਕਈ ਜਗ੍ਹਾ ਤੋਂ ਅਜੇ ਵੀ ਬੰਦ ਹੈ।
ਅਧਿਕਾਰੀ ਨੇ ਕਿਹਾ ਕਿ ਇਕ ਵਾਰ ਸ਼ਾਹਰਾਹ ਸਾਫ਼ ਹੋ ਗਿਆ ਤਾਂ ਸੜਕ ’ਤੇ ਫਸੇ ਹੋਏ ਵਾਹਨਾਂ ਨੂੰ ਆਵਾਜਾਈ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਗ਼ਲ ਰੋਡ, ਜੋ ਕਿ ਵਾਦੀ ਨੂੰ ਸ਼ੋਪੀਆਂ-ਰਾਜੌਰੀ ਧੁਰੇ ਰਾਹੀਂ ਜੰਮੂ ਡਿਵੀਜ਼ਨ ਨਾਲ ਜੋੜਨ ਵਾਲਾ ਬਦਲਵਾਂ ਰੋਡ ਲਿੰਕ ਹੈ, ਵੀ ਖਿੱਤੇ ’ਚ ਹੋਈ ਭਾਰੀ ਬਰਫ਼ਬਾਰੀ ਕਾਰਨ ਬੰਦ ਪਿਆ ਹੈ। ਕਸ਼ਮੀਰ ਵਾਦੀ ਦੇਸ਼ ਦੇ ਬਾਕੀ ਹਿੱਸੇ ਤੋਂ ਐਤਵਾਰ ਨੂੰ ਕੱਟੀ ਗਈ ਸੀ ਕਿਉਂਕਿ ਭਾਰੀ ਬਰਫ਼ਬਾਰੀ ਕਾਰਨ ਜ਼ਮੀਨੀ ਤੇ ਹਵਾਈ ਸਬੰਧ ਟੁੱਟ ਗਿਆ ਸੀ।
-ਪੀਟੀਆਈ
ਪੰਜਾਬ ਤੇ ਹਰਿਆਣਾ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਵਿਚ ਠੰਢ ਜਾਰੀ ਹੈ। ਹਾਲਾਂਕਿ, ਦੋਹਾਂ ਰਾਜਾਂ ’ਚ ਅੱਜ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਿਹਾ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 9 ਡਿਗਰੀ, ਲੁਧਿਆਣਾ ’ਚ 12 ਡਿਗਰੀ ਤੇ ਪਟਿਆਲਾ ’ਚ 13.5 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਸੱਤ ਡਿਗਰੀ ਵੱਧ ਹੈ। ਪਠਾਨਕੋਟ ਵਿੱਚ ਘੱਟੋ-ਘੱਟ ਤਾਪਮਾਨ 8.8 ਡਿਗਰੀ, ਆਦਮਪੁਰ ’ਚ 12.3 ਡਿਗਰੀ, ਹਲਵਾਰਾ ’ਚ 12.2 ਡਿਗਰੀ, ਬਠਿੰਡਾ ’ਚ 12.3, ਫ਼ਰੀਦਕੋਟ ’ਚ 11.4 ਤੇ ਗੁਰਦਾਸਪੁਰ ਵਿੱਚ 10 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਦੇ ਅੰਬਾਲਾ ’ਚ ਘੱਟੋ-ਘਟ ਤਾਪਮਾਨ 12.1, ਹਿਸਾਰ ’ਚ 11.9 ਤੇ ਕਰਨਾਲ ’ਚ 13.2 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 6 ਡਿਗਰੀ ਵੱਧ ਹੈ। ਨਾਰਨੌਲ ’ਚ ਘੱਟੋ-ਘੱਟ ਤਾਪਮਾਨ 10.6 ਡਿਗਰੀ, ਰੋਹਤਕ ’ਚ 13.8 ਡਿਗਰੀ ਤੇ ਸਿਰਸਾ ’ਚ 10.5 ਡਿਗਰੀ ਦਰਜ ਕੀਤਾ ਗਿਆ। ਦੋਵੇਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਅੱਜ ਘੱਟ-ਘੱਟ ਤਾਪਮਾਨ 12 ਡਿਗਰੀ ਰਿਹਾ ਜੋ ਆਮ ਨਾਲੋਂ ਸੱਤ ਡਿਗਰੀ ਵੱਧ ਹੈ।
-ਪੀਟੀਆਈ