ਸਿਲੀਗੁੜੀ, 21 ਜੂਨ
ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਚੋਣਾਂ ਤੋਂ ਬਾਅਦ ਹੋਈ ਹਿੰਸਾ ਮਗਰੋਂ ਸੂਬੇ ਦੇ ਹਾਲਾਤ ਚਿੰਤਾਜਨਕ ਕਰਾਰ ਦਿੱਤੇ ਹਨ। ਉਨ੍ਹਾਂ ਇਸ ਮੁੱਦੇ ’ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ‘ਸ਼ੁਤਰਮੁਰਗ ਵਰਗੇ ਅਪਣਾਏ ਰਵੱਈਏ’ ’ਤੇ ਸਵਾਲ ਕੀਤੇ ਹਨ। ਉੱਤਰੀ ਬੰਗਾਲ ਦੇ ਇਕ ਹਫ਼ਤੇ ਦੇ ਦੌਰੇ ’ਤੇ ਆਏ ਰਾਜਪਾਲ ਨੇ ਵਿਧਾਨ ਸਭਾ ਚੋਣਾਂ ਮਗਰੋਂ ਹਿੰਸਾ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ 2 ਮਈ ਤੋਂ ਬਾਅਦ ਹੋਈ ਹਿੰਸਾ ਤੋਂ ਉਹ ਫਿਕਰਮੰਦ ਹਨ। ‘ਇਹ ਸਵੀਕਾਰਯੋਗ ਨਹੀਂ ਹੈ। ਸੂਬੇ ’ਚ ਹਾਲਾਤ ਚਿੰਤਾਜਨਕ ਹਨ। ਇਸ ਤਰ੍ਹਾਂ ਦੀ ਹਿੰਸਾ ਨੇ ਲੋਕਰਾਜੀ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।’’ ਉਨ੍ਹਾਂ ਮਮਤਾ ਬੈਨਰਜੀ ਦੀ ਖ਼ਾਮੋਸ਼ੀ ’ਤੇ ਸਵਾਲ ਉਠਾਏ। -ਪੀਟੀਆਈ