ਲਖਨਊ, 29 ਅਗਸਤ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਮੰਦਰਾਂ ਦੀ ਨਗਰੀ ਅਯੁੱਧਿਆ ਦਾ ਦੌਰਾ ਕਰਕੇ ਰਾਮਾਇਣ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸਮੇਤ ਹੋਰ ਆਗੂ ਹਾਜ਼ਰ ਸਨ। ਸ਼ਹਿਰ ਦੇ ਸੰਦਰਭ ’ਚ ਭਗਵਾਨ ਰਾਮ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ,‘‘ਭਗਵਾਨ ਰਾਮ ਤੋਂ ਬਿਨਾਂ ਅਯੁੱਧਿਆ, ਅਯੁੱਧਿਆ ਨਹੀਂ ਹੈ। ਅਯੁੱਧਿਆ ਦੀ ਹੋਂਦ ਤਾਂ ਹੀ ਹੈ ਜਦੋਂ ਉਥੇ ਰਾਮ ਹਨ। ਭਗਵਾਨ ਰਾਮ ਇਸ ਸ਼ਹਿਰ ’ਚ ਪੱਕੇ ਤੌਰ ’ਤੇ ਵਸੇ ਹੋਏ ਹਨ ਅਤੇ ਹਕੀਕਤ ’ਚ ਇਹ ਥਾਂ ਅਯੁੱਧਿਆ ਹੈ।’’ ਸਮਾਗਮ ਦੌਰਾਨ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਦਿਨੇਸ਼ ਸ਼ਰਮਾ, ਕੇਂਦਰੀ ਰੇਲ ਅਤੇ ਕੱਪੜਾ ਰਾਜ ਮੰਤਰੀ ਵਿਕਰਮ ਜਾਰਦੋਸ਼ ਨੇ ਵੀ ਹਾਜ਼ਰੀ ਲੁਆਈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਆਪਣੇ ਪਰਿਵਾਰ ਨਾਲ ਇਥੇ ਸ੍ਰੀ ਰਾਮ ਜਨਮਭੂਮੀ ਕੰਪਲੈਕਸ ’ਚ ਰਾਮਲੱਲਾ ਦੇ ਦਰਸ਼ਨ ਕੀਤੇ। ਉਨ੍ਹਾਂ ਪੂਜਾ ਅਤੇ ਆਰਤੀ ਵੀ ਕੀਤੀ। ਮੰਦਰ ਦੇ ਪੁਜਾਰੀ ਨੇ ਸਨਮਾਨ ਵਜੋਂ ਰਾਸ਼ਟਰਪਤੀ ਨੂੰ ਇਕ ਸ਼ਾਲ ਭੇਟ ਕੀਤੀ। ਇਸ ਮਗਰੋਂ ਉਨ੍ਹਾਂ ਇਕ ਬੂਟਾ ਵੀ ਲਾਇਆ। ਸ੍ਰੀ ਕੋਵਿੰਦ ਨੂੰ ਰਾਮ ਮੰਦਰ ਦੀ ਇਕ ਤਸਵੀਰ ਵੀ ਭੇਟ ਕੀਤੀ ਗਈ। ਰਾਸ਼ਟਰਪਤੀ ਨੇ ਪਰਿਵਾਰਕ ਮੈਂਬਰਾਂ ਨਾਲ ਹਨੂਮਾਨਗੜ੍ਹੀ ਮੰਦਰ ਦਾ ਦੌਰਾ ਵੀ ਕੀਤਾ। ਇਥੇ ਪੂਜਾ ਮਗਰੋਂ ਰਾਸ਼ਟਰਪਤੀ ਨੂੰ ਗੁਲਾਬੀ ਰੰਗ ਦੀ ਪਗੜੀ ਭੇਟ ਕੀਤੀ ਗਈ। ਸ਼ਹਿਰ ’ਚ ਲੋਕ ਰਾਸ਼ਟਰਪਤੀ ਦੀ ਝਲਕ ਦੇਖਣ ਲਈ ਆਪਣੇ ਘਰਾਂ ਦੀਆਂ ਛੱਤਾਂ ’ਤੇ ਚੜ੍ਹੇ ਹੋਏ ਸਨ। -ਪੀਟੀਆਈ