ਲਖ਼ਨਊ, 20 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਹਿਲਾਂ ਦੀਆਂ ਸਰਕਾਰਾਂ ’ਤੇ ਵਰ੍ਹਦਿਆਂ ਕਿਹਾ ਕਿ ਗਰੀਬਾਂ ਨੂੰ ਉਨ੍ਹਾਂ ਦੀਆਂ ‘ਗਲਤ’ ਨੀਤੀਆਂ ਤੇ ਇਰਾਦਿਆਂ ਦੇ ਸਿੱਟੇ ਭੁਗਤਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਗਰੀਬ ਲੋਕ ਕਦੇ ਯਕੀਨ ਨਹੀਂ ਕਰਦੇ ਸਨ ਕਿ ਸਰਕਾਰਾਂ ਵੀ ਉਨ੍ਹਾਂ ਦੇ ਸਿਰਾਂ ’ਤੇ ਛੱਤ ਪਾਉਣ ਵਿਚ ਮਦਦ ਕਰ ਸਕਦੀਆਂ ਹਨ।
ਮੋਦੀ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਤਰ ਪ੍ਰਦੇਸ਼ ਵਿਚ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਤਹਿਤ 6.1 ਲੱਖ ਲਾਭਪਾਤਰੀਆਂ ਨੂੰ 2691 ਕਰੋੜ ਰੁਪਏ ਦੀ ਮਦਦ ਦਿੰਦਿਆਂ ਕੀਤਾ। ਮੋਦੀ ਨੇ ਕਿਹਾ ਕਿ ਸੂਬੇ ਦੀ ਪਿਛਲੀ ਸਮਾਜਵਾਦੀ ਪਾਰਟੀ ਦੀ ਸਰਕਾਰ 2016 ਵਿਚ ਲਾਂਚ ਹੋਈ ਇਸ ਯੋਜਨਾ ਦਾ ਲਾਭ ਲੈਣ ਵਿਚ ਨਾਕਾਮ ਰਹੀ। ਉਨ੍ਹਾਂ ਦੋਸ਼ ਲਾਇਆ ਕਿ ‘ਸਪਾ’ ਸਰਕਾਰ ਨੇ ਲਾਭਪਾਤਰੀਆਂ ਦੇ ਨਾਂ ਹੀ ਨਹੀਂ ਦਿੱਤੇ। ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿਚ ਸੂਬੇ ਦਾ ‘ਸਾਰੇ ਪੱਖਾਂ ਤੋਂ ਵਿਕਾਸ’ ਹੋਇਆ ਹੈ। ਕੇਂਦਰੀ ਸਕੀਮਾਂ ਸਮੇਂ ਸਿਰ ਲਾਗੂ ਹੋਈਆਂ ਹਨ। ਮੋਦੀ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਯੂਪੀ ਦਾ ਰੁਖ਼ ਕਰ ਰਹੀਆਂ ਹਨ। ਉਨ੍ਹਾਂ ਯੂਪੀ ਸਰਕਾਰ ਦੀ ‘ਇਕ ਜ਼ਿਲ੍ਹਾ ਇਕ ਉਤਪਾਦ’ ਸਕੀਮ ਦੀ ਵੀ ਸ਼ਲਾਘਾ ਕੀਤੀ। ਇਸ ਤਹਿਤ ਸਥਾਨਕ ਵਰਕਰਾਂ ਨੂੰ ਆਤਮ-ਨਿਰਭਰ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕੁਝ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ। ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਮੁੱਖ ਮੰਤਰੀ ਯੋਗੀ ਵੀ ਇਸ ਦੌਰਾਨ ਮੌਜੂਦ ਰਹੇ।
-ਪੀਟੀਆਈ