ਜੰਮੂ: ਪਾਕਿਸਤਾਨੀ ਫ਼ੌਜ ਵੱਲੋਂ ਗੋਲੀਬੰਦੀ ਦੀ ਕੀਤੀ ਗਈ ਊਲੰਘਣਾ ਦੌਰਾਨ ਜੰਮੂ ਕਸ਼ਮੀਰ ਦੇ ਕਠੂਆ ਅਤੇ ਪੁਣਛ ਜ਼ਿਲ੍ਹਿਆਂ ’ਚ ਮੰਦਰ ਅਤੇ ਕੁਝ ਘਰਾਂ ’ਤੇ ਗੋਲੀਆਂ ਦਾਗ਼ੀਆਂ ਗਈਆਂ। ਭਾਰਤੀ ਫ਼ੌਜ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਹੀਰਾਨਗਰ ਸੈਕਟਰ ਦੇ ਮਨਯਾਰੀ, ਚਾਂਡਵਾ ਅਤੇ ਲੌਂਡੀ ਪਿੰਡਾਂ ’ਚ ਗੋਲੀਬਾਰੀ ਕਾਰਨ ਭਗਵਾਨ ਸ਼ਿਵ ਦੇ ਮੰਦਰ ਅਤੇ ਘਰਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ। ਕੁਝ ਪਸ਼ੂ ਵੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਪਾਕਿਸਤਾਨੀ ਫ਼ੌਜ ਵੱਲੋਂ ਸ਼ਨਿਚਰਵਾਰ ਰਾਤ ਪੌਣੇ 10 ਵਜੇ ਦੇ ਕਰੀਬ ਗੋਲੀਬਾਰੀ ਕੀਤੀ ਗਈ ਜੋ ਐਤਵਾਰ ਸਵੇਰੇ 5 ਵਜ ਕੇ 25 ਮਿੰਟ ਤੱਕ ਜਾਰੀ ਰਹੀ। ਸਰਹੱਦ ’ਤੇ ਰਹਿਣ ਵਾਲੇ ਲੋਕਾਂ ਨੂੰ ਸਾਰੀ ਰਾਤ ਬੰਕਰਾਂ ’ਚ ਗੁਜ਼ਾਰਨੀ ਪਈ। ਰੱਖਿਆ ਤਰਜਮਾਨ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਅੱਜ ਸਵੇਰੇ ਸਾਢੇ 7 ਵਜੇ ਦੇ ਕਰੀਬ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਸ਼ਾਹਪੁਰ, ਕਿਰਨੀ ਅਤੇ ਕਸਬਾ ਸੈਕਟਰਾਂ ’ਚ ਵੀ ਗੋਲਾਬਾਰੀ ਕੀਤੀ। -ਪੀਟੀਆਈ