ਨਵੀਂ ਦਿੱਲੀ, 26 ਅਗਸਤ
ਲੋਕਪਾਲ ਨੇ ਫ਼ੈਸਲਾ ਲਿਆ ਹੈ ਕਿ ਭ੍ਰਿਸ਼ਟਾਚਾਰ ਨਾਲ ਸਬੰਧਤ ਸ਼ਿਕਾਇਤਾਂ ਉਹ ਤੈਅਸ਼ੁਦਾ ਰੂਪ (ਫਾਰਮੈਟ) ’ਚ ਹੀ ਸਵੀਕਾਰ ਕਰੇਗਾ। ਕੇਂਦਰ ਸਰਕਾਰ ਨੇ ਮਾਰਚ 2020 ’ਚ ਲੋਕਪਾਲ (ਸ਼ਿਕਾਇਤ) ਰੂਲਜ਼ ਨੋਟੀਫਾਈ ਕੀਤਾ ਸੀ ਜਿਸ ’ਚ ਕਿਹਾ ਗਿਆ ਹੈ ਕਿ ਤੈਅਸ਼ੁਦਾ ਫਾਰਮੈਟ ’ਤੇ ਹੀ ਸ਼ਿਕਾਇਤਾਂ ਦਾਖ਼ਲ ਕੀਤੀਆਂ ਜਾਣਗੀਆਂ। ਇਨ੍ਹਾਂ ਨੇਮਾਂ ਦੇ ਆਧਾਰ ’ਤੇ ਹੀ ਲੋਕਪਾਲ ਨੇ ਪਿਛਲੇ ਸਾਲ ਜੁਲਾਈ ’ਚ ਸਰਕੁਲਰ ਜਾਰੀ ਕੀਤਾ ਸੀ। ਇਸ ਸਾਲ 10 ਫਰਵਰੀ ਨੂੰ ਉਨ੍ਹਾਂ ਸੋਧ ਪੱਤਰ ਜਾਰੀ ਕਰਦਿਆਂ ਕਿਹਾ ਸੀ ਕਿ ਜਿਹੜੀਆਂ ਸ਼ਿਕਾਇਤਾਂ ਤੈਅਸ਼ੁਦਾ ਫਾਰਮੈਟ ’ਚ ਨਹੀਂ ਹੋਣਗੀਆਂ, ਉਹ ਚੇਅਰਪਰਸਨ ਕੋਲ ਲੋੜੀਂਦੀ ਕਾਰਵਾਈ ਲਈ ਭੇਜੀਆਂ ਜਾਣਗੀਆਂ। ਸ਼ੁੱਧੀ ਪੱਤਰ ਦੇ ਪ੍ਰਾਵਧਾਨਾਂ ’ਤੇ ਲੋਕਪਾਲ ਦੇ ਫੁੱਲ ਬੈਂਚ ਨੇ ਹੁਣ ਵਿਚਾਰ ਵਟਾਂਦਰਾ ਕੀਤਾ ਹੈ। ਲੋਕਪਾਲ ਨੇ 24 ਅਗਸਤ ਨੂੰ ਜਾਰੀ ਸਰਕਾਰੀ ਨੋਟ ’ਚ ਕਿਹਾ ਹੈ ਕਿ ਲੋਕਪਾਲ ਅਤੇ ਲੋਕ ਆਯੁਕਤ ਐਕਟ 2013 ਦੀ ਧਾਰਾ 20 ਤਹਿਤ ਹੁਣ ਜੇਕਰ ਸ਼ਿਕਾਇਤਾਂ ਤੈਅ ਫਾਰਮੈਟ ’ਚ ਨਾ ਹੋਈਆਂ ਤਾਂ ਉਸ ’ਤੇ ਕਾਰਵਾਈ ਨਹੀਂ ਹੋਵੇਗੀ। ਲੋਕਪਾਲ ਨੇ ਸ਼ਿਕਾਇਤਕਰਤਾਵਾਂ ਨੂੰ ਮੌਕਾ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀ ਸ਼ਿਕਾਇਤ ਤੈਅ ਫਾਰਮੈਟ ’ਚ ਨਹੀਂ ਹੈ ਤਾਂ ਉਹ 15 ਸਤੰਬਰ ਤੱਕ ਉਸ ਨੂੰ ਸੁਧਾਰ ਲੈਣ। ਜ਼ਿਕਰਯੋਗ ਹੈ ਕਿ ਵਿੱਤੀ ਵਰ੍ਹੇ 2021-22 ’ਚ ਲੋਕਪਾਲ ਨੂੰ 5680 ਸ਼ਿਕਾਇਤਾਂ ਮਿਲੀਆਂ ਸਨ। ਖ਼ਬਰ ਏਜੰਸੀ ਦੇ ਪੱਤਰਕਾਰ ਵੱਲੋਂ ਲੋਕਪਾਲ ਦੇ ਦਫ਼ਤਰ ਤੋਂ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਤੋਂ ਪਤਾ ਲੱਗਾ ਕਿ ਇਨ੍ਹਾਂ ਸ਼ਿਕਾਇਤਾਂ ’ਚੋਂ 169 ਤੈਅ ਫਾਰਮੈਟ ’ਤੇ ਕੀਤੀਆਂ ਗਈਆਂ ਸਨ ਜਦਕਿ 5511 ‘ਨਾਨ-ਫਾਰਮੈਟ’ ਵਰਗ ’ਚ ਰੱਖੀਆਂ ਗਈਆਂ ਸਨ। -ਪੀਟੀਆਈ