ਕੋਲਕਾਤਾ, 7 ਜੂਨ
ਕਲਕੱਤਾ ਹਾਈ ਕੋਰਟ ’ਚ ਇਸ ਸਮੇਂ 31 ਜੱਜ ਹਨ ਜੋ ਕਿ ਇਸ ਲਈ ਮਨਜ਼ੂਰ ਅਸਾਮੀਆਂ ਤੋਂ ਅੱਧੇ ਹਨ ਜਦਕਿ ਅਦਾਲਤ ’ਚ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।
ਪੱਛਮੀ ਬੰਗਾਲ ਬਾਰ ਕੌਂਸਲ ਦੇ ਉਪ ਚੇਅਰਮੈਨ ਸਿਧਾਰਥ ਮੁਖੋਪਾਧਿਆਏ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਪੁਰਾਣੇ ਹਾਈ ਕੋਰਟ ’ਚ ਜੱਜਾਂ ਦੀ ਗਿਣਤੀ ਘਟਣ ਕਾਰਨ ਇੱਥੇ ਕੇਸਾਂ ਦੇ ਨਬਿੇੜੇ ਅਤੇ ਨਿਆਂ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਕੌਮੀ ਨਿਆਂਇਕ ਅੰਕੜਾ ਗਰਿੱਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕਲਕੱਤਾ ਹਾਈ ਕੋਰਟ ਕੋਲ ਇਸ ਸਮੇਂ 2,72,092 ਕੇਸ ਵਿਚਾਰ ਅਧੀਨ ਹਨ ਤੇ ਅਦਾਲਤ ਲਈ 72 ਜੱਜਾਂ ਦੀਆਂ ਅਸਾਮੀਆਂ ਮਨਜ਼ੂਰ ਹਨ। ਇਨ੍ਹਾਂ ’ਚੋਂ 2,29,331 ਕੇਸ ਦੀਵਾਨੀ ਜਦਕਿ 42,761 ਕੇਸ ਫੌਜਦਾਰੀ ਹਨ। ਮੁਖੋਪਾਧਿਆਏ ਨੇ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਕੇਂਦਰ ਸਰਕਾਰ ਜੱਜਾਂ ਦੀ ਨਿਯੁਕਤੀ ਲਈ ਜਲਦੀ ਤੋਂ ਜਲਦੀ ਕਦਮ ਚੁੱਕੇ।’ ਉਨ੍ਹਾਂ ਕਿਹਾ ਕਿ ਜੱਜਾਂ ਦੀ ਘੱਟ ਗਿਣਤੀ ਕਾਰਨ ਕੇਸਾਂ ਦੀ ਰੋਟੇਸ਼ਨ ’ਤੇ ਵੀ ਅਸਰ ਪੈ ਰਿਹਾ ਹੈ ਕਿਉਂਕਿ ਅਦਾਲਤ ਨੂੰ ਅੰਡੇਮਾਨ ਤੇ ਜਲਪਾਇਗੁੜੀ ਦੇ ਕੇਸ ਵੀ ਦੇਖਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਜੱਜਾਂ ਦੀ ਗਿਣਤੀ ਘੱਟ ਹੋਣ ਕਾਰਨ ਬਹੁਤ ਸਾਰੇ ਪੀੜਤ ਆਪਣੇ ਕੇਸ ਲੰਮੇ ਸਮੇਂ ਤੋਂ ਲਟਕਦੇ ਹੋਣ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਹਾਈ ਕੋਰਟ ’ਚ ਸਿਰਫ਼ 31 ਜੱਜ ਹੋਣ ਕਾਰਨ ਕੇਸਾਂ ਦੇ ਨਬਿੇੜੇ ਲਈ ਮੁਕੰਮਲ ਬੈਂਚ ਗਠਿਤ ਨਹੀਂ ਕੀਤੇ ਜਾ ਸਕਦੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਕੌਲਿਜੀਅਮ ਨੇ ਫਰਵਰੀ ’ਚ ਕਲਕੱਤਾ ਹਾਈ ਕੋਰਟ ਲਈ ਅੱਠ ਜੁਡੀਸ਼ਲ ਅਫਸਰਾਂ ਦੀ ਭਰਤੀ ਨੂੰ ਮਨਜ਼ੂਰੀ ਦਿੱਤੀ ਸੀ। -ਪੀਟੀਆਈ