ਅਹਿਮਦਾਬਾਦ, 4 ਸਤੰਬਰ
ਕੇਂਦਰੀ ਸਮਾਜਿਕ ਨਿਆਂ ਮੰਤਰੀ ਰਾਮਦਾਸ ਅਠਾਵਲੇ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਇੱਕ ਬੱਚਾ ਨੀਤੀ’ ਦਾ ਸਮਰਥਨ ਕਰਦੀ ਹੈ ਕਿਉਂਕਿ ਦੇਸ਼ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਧਦੀ ਆਬਾਦੀ ਨੂੰ ਰੋਕਣ ਦੀ ਲੋੜ ਹੈ। ਗੁਜਰਾਤ ਦੇ ਮੁੱਖ ਮੰਤਰੀ ਨਿਤਿਨ ਪਟੇਲ ਵੱਲੋਂ ਹਿੰਦੂਆਂ ਦੀ ਆਬਾਦੀ ਸਬੰਧੀ ਕੀਤੀ ਗਈ ਟਿੱਪਣੀ ਬਾਰੇ ਅਠਾਵਲੇ ਨੇ ਕਿਹਾ, ‘ਹਿੰਦੂ ਆਬਾਦੀ ਘੱਟ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।’ ਅਠਾਵਲੇ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਹਿੰਦੂਆਂ ਦੀ ਆਬਾਦੀ ਘਟਣ ਦਾ ਕੋਈ ਸਵਾਲ ਹੈ। ਹਿੰਦੂ ਲੋਕ ਹਿੰਦੂ ਰਹਿਣ ਅਤੇ ਮੁਸਲਮਾਨ ਲੋਕ ਮੁਸਲਮਾਨ ਰਹਿਣ। ਮੁਸ਼ਕਲ ਨਾਲ ਇੱਕ ਜਾਂ ਦੋ ਲੋਕ, ਹਿੰਦੂ ਜਾਂ ਮੁਸਲਮਾਨ ਧਰਮ ਪਰਿਵਰਤਨ ਕਰਦੇ ਹਨ। ਸੰਵਿਧਾਨ ਲੋਕਾਂ ਨੂੰ ਉਨ੍ਹਾਂ ਦੀ ਪਸੰਦ ਦਾ ਕੰਮ ਕਰਨ ਦਾ ਅਧਿਕਾਰ ਦਿੰਦਾ ਹੈ, ਪਰ ਕੋਈ ਵੀ ਧਰਮ ਬਦਲਣ ਲਈ ਮਜਬੂਰ ਨਹੀਂ ਕਰ ਸਕਦਾ।’ ਉਨ੍ਹਾਂ ਕਿਹਾ ਕਿ ਹਿੰਦੂਆਂ ਤੇ ਮੁਸਲਮਾਨਾਂ ਦੀ ਆਬਾਦੀ ’ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ, ਅਜਿਹਾ ਨਹੀਂ ਹੈ ਕਿ ਮੁਸਲਮਾਨਾਂ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ। ਰਿਪਬਲਿਕਨ ਪਾਰਟੀ ਆਫ ਇੰਡੀਆ (ਅਠਾਵਲੇ ਗਰੁੱਪ) ਦੇ ਨੇਤਾ ਨੇ ਕਿਹਾ, ‘ਦੇਸ਼ ਦੇ ਵਿਕਾਸ ਲਈ ਆਬਾਦੀ ਕੰਟਰੋਲ ਕਰਨ ਦੀ ਲੋੜ ਹੈ, ਉਹ ਭਾਵੇਂ ਹਿੰਦੂਆਂ ਦੀ ਹੋਵੇ ਜਾਂ ਮੁਸਲਮਾਨਾਂ ਦੀ।’ ਉਨ੍ਹਾਂ ਕਿਹਾ, ‘ਜੇਕਰ ਅਸੀਂ ਇੱਕ ਪਰਿਵਾਰ, ਇੱਕ ਬੱਚਾ ਨੀਤੀ ਅਪਣਾਈਏ ਤਾਂ ਅਸੀਂ ਜਨਸੰਖਿਆ ਕੰਟਰੋਲ ਕਰਨ ’ਚ ਸਫਲ ਹੋਵਾਂਗੇ। ਹਾਲੇ ਵੀ ਕਿਹਾ ਜਾਂਦਾ ਹੈ ਕਿ ‘ਹਮ ਦੋ, ਹਮਾਰੇ ਦੋ’… ਸਾਡੀ ਪਾਰਟੀ ਦਾ ਇਹ ਨਜ਼ਰੀਆ ਹੈ ਕਿ ‘ਹਮ ਦੋ, ਹਮਾਰਾ ਏਕ’ ਲਈ ਕਾਨੂੰਨ ਹੋਣਾ ਚਾਹੀਦਾ ਹੈ।’ ਅਠਾਵਲੇ ਨੇ ਕਿਹਾ ਉਹ ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਉਣਗੇ। -ਪੀਟੀਆਈ