ਪਟਨਾ, 24 ਨਵੰਬਰ
ਨਵੀਂ ਬਣੀ ਬਿਹਾਰ ਵਿਧਾਨ ਸਭਾ ਵਿੱਚ ਪਹਿਲੇ ਸ਼ਕਤੀ ਪ੍ਰਦਰਸ਼ਨ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਐੱਨਡੀਏ ਤੇ ਵਿਰੋਧੀ ਮਹਾਗੱਠਜੋੜ ਨੇ ਅੱਜ ਸਪੀਕਰ ਦੀ ਅਸਾਮੀ ਲਈ ਆਪੋ-ਆਪਣੇ ਉਮੀਦਵਾਰ ਮੈਦਾਨ ’ਚ ਉਤਾਰ ਦਿੱਤੇ ਹਨ। ਸਪੀਕਰ ਦੀ ਚੋਣ ਬੁੱਧਵਾਰ ਨੂੰ ਹੋਣੀ ਹੈ।
ਵਿਧਾਨ ਸਭਾ ਸਕੱਤਰੇਤ ਮੁਤਾਬਕ ਐੱਨਡੀਏ ਵੱਲੋਂ ਸੀਨੀਅਰ ਭਾਜਪਾ ਆਗੂ ਵਿਜੈ ਕੁਮਾਰ ਸਿਨਹਾ ਅਤੇ ਮਹਾਗੱਠਜੋੜ ਵੱਲੋਂ ਆਰਜੇਡੀ ਦੇ ਅਵਧ ਬਿਹਾਰੀ ਚੌਧਰੀ ਨੇ ਅੱਜ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਆਰਜੇਡੀ ਆਗੂ ਤੇਜਸਵੀ ਯਾਦਵ ਨੇ ਕਿਹਾ, ‘‘ਅਸੀਂ ਪਹਿਲਾ ਕਦਮ ਉਠਾ ਲਿਆ ਹੈ। ਐੱਨਡੀਏ ਵੱਲੋਂ ਉਮੀਦਵਾਰ ਤੈਅ ਕੀਤੇ ਜਾਣ ਤੋਂ ਕਾਫੀ ਪਹਿਲਾਂ ਸਾਡੇ ਉਮੀਦਵਾਰ ਨੇ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਸੀ। ਮੈਨੂੰ ਆਸ ਹੈ ਕਿ ਸਾਡਾ ਉਮੀਦਵਾਰ ਜਿੱਤੇਗਾ।’’
ਉਨ੍ਹਾਂ ਕਿਹਾ ਕਿ ਚੌਧਰੀ ਪੰਜਵੀਂ ਵਾਰ ਵਿਧਾਇਕ ਬਣੇ ਹਨ, 1980 ਤੋਂ ਇਸ ਹਾਊਸ ਦੇ ਮੈਂਬਰ ਹਨ, ਭਾਸ਼ਾ ਤੇ ਚੰਗੀ ਪਕੜ ਦੇ ਨਾਲ ਹਾਊਸ ਦੀ ਪ੍ਰਕਿਰਿਆ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਨ੍ਹਾਂ ਦੀ ਪਛਾਣ ਹਰੇਕ ਨੂੰ ਨਾਲ ਲੈ ਕੇ ਚੱਲਣ ਵਾਲੇ ਸ਼ਖ਼ਸ ਵਜੋਂ ਹੈ। ਸੰਖੇਪ ਵਿੱਚ, ਉਨ੍ਹਾਂ ’ਚ ਉਹ ਸਾਰੀਆਂ ਖ਼ੂਬੀਆਂ ਹਨ ਜੋ ਵਿਧਾਨ ਸਭਾ ਸਪੀਕਰ ’ਚ ਹੋਣੀਆਂ ਚਾਹੀਦੀਆਂ ਹਨ। ਸਪੀਕਰ ਸਰਬਸੰਮਤੀ ਨਾਲ ਚੁਣੇ ਜਾਣ ਦੀ ਰਵਾਇਤ ਸਬੰਧੀ ਸਵਾਲ ਦੇ ਜਵਾਬ ’ਚ ਸ੍ਰੀ ਯਾਦਵ ਨੇ ਕਿਹਾ ਕਿ ਜਿੱਥੋਂ ਤੱਕ ਰਵਾਇਤ ਦਾ ਸਵਾਲ ਹੈ ਤਾਂ ਪਿਛਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇ ਡਿਪਟੀ ਸਪੀਕਰ ਦੀ ਅਸਾਮੀ ਮੰਗੀ ਸੀ ਜਿਸ ਸਬੰਧੀ ਕੋਈ ਸੁਣਵਾਈ ਜਾਂ ਕਾਰਵਾਈ ਨਹੀਂ ਹੋਈ।
ਉੱਧਰ, ਉਪ ਮੁੱਖ ਮੰਤਰੀ ਤਾਰ ਕਿਸ਼ੋਰ ਪ੍ਰਸਾਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਵਿਰੋਧੀ ਧਿਰ ਨੂੰ ਰਵਾਇਤ ਦਾ ਪਾਲਣ ਕਰਦਿਆਂ ਸਾਡੇ ਉਮੀਦਵਾਰ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਸਪੀਕਰ ਸਾਰੇ ਹਾਊਸ ਦਾ ਹੁੰਦਾ ਹੈ, ਨਾ ਕਿ ਸਿਰਫ਼ ਕਾਬਜ਼ ਧਿਰ ਦਾ।’’ -ਪੀਟੀਆਈ