ਮੁੰਬਈ, 23 ਮਾਰਚ
ਮਹਾਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਕਿਹਾ ਕਿ ਮੁਅੱਤਲ ਪੁਲੀਸ ਅਧਿਕਾਰ ਸਚਿਨ ਵਜ਼ੇ ਕਾਰੋਬਾਰੀ ਮਨਸੁੱਖ ਹੀਰੇਨ ਦੀ ਹੱਤਿਆ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ ਅਤੇ ਉਸਦੀ ਹਿਰਾਸਤ ਮੰਗਣ ਲਈ ਇੱਥੇ ਐੱਨਆਈਏ ਅਦਾਲਤ ਨਾਲ ਸੰਪਰਕ ਕੀਤਾ ਜਾਵੇਗਾ। ਏਟੀਐੱਸ ਮੁਖੀ ਜੈਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। ਮੁੰਬਈ ਵਿੱਚ ਸਨਅਤਕਾਰ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਇੱਕ ਐੱਸਯੂਵੀ ਮਿਲਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸਚਿਨ ਵਜ਼ੇ 25 ਮਾਰਚ ਤੱਕ ਐੱਨਆਈਏ ਦੀ ਹਿਰਾਸਤ ’ਚ ਹੈ। ਏਟੀਐੱਸ ਮੁਖੀ ਨੇ ਦੱਸਿਆ ਕਿ ਮੁਅੱਤਲ ਪੁਲੀਸ ਮੁਲਾਜ਼ਮ ਵਿਨਾਇਕ ਸ਼ਿੰਦੇ ਅਤੇ ਕ੍ਰਿਕਟ ਬੁਕੀ ਨਰੇਸ਼ ਗੌੜ ਦੀ ਗ੍ਰਿਫ਼ਤਾਰੀ ਮਗਰੋਂ ਏਟੀਐੱਸ ਨੂੰ ਪਤਾ ਲੱਗਾ ਕਿ ਵਜ਼ੇ ਇਸ ਕੇਸ ਵਿੱਚ ਮੁੱਖ ਮੁਲਜ਼ਮ ਹੈ ਤੇ ਉਸ ਦੀ ਇਸ ’ਚ ਮੁੱਖ ਭੂਮਿਕਾ ਸੀ।
-ਪੀਟੀਆਈ