ਨਵੀਂ ਦਿੱਲੀ, 2 ਮਾਰਚ
ਸ਼ਾਰਜਾਹ ਤੋਂ ਲਖਨਊ ਆ ਰਹੇ ਇੰਡੀਗੋ ਦੇ ਇੱਕ ਜਹਾਜ਼ ਵਿੱਚ ਸਵਾਰ ਯਾਤਰੀ ਦੀ ਸਿਹਤ ਵਿਗੜਨ ਕਾਰਨ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ’ਤੇ ਉਤਾਰਨਾ ਪਿਆ। ਪਾਕਿਸਤਾਨ ਹਵਾਈ ਅਥਾਰਿਟੀ ਅਨੁਸਾਰ ਇੰਡੀਗੋ ਦੀ ਉਡਾਣ 6ਈ1412 ਦੇ ਇੱਕ ਬਜ਼ੁਰਗ ਯਾਤਰੀ ਹਬੀਬ-ਉਰ-ਰਹਿਮਾਨ (67) ਦੀ ਸਿਹਤ ਵਿਗੜਨ ਕਾਰਨ ਜਹਾਜ਼ ਦੇ ਕਪਤਾਨ ਨੂੰ ਕਰਾਚੀ ਹਵਾਈ ਅੱਡੇ ’ਤੇ ਜਹਾਜ਼ ਉਤਾਰਨ ਦੀ ਇਜਾਜ਼ਤ ਦਿੱਤੀ ਗਈ। ਅਧਿਕਾਰੀਆਂ ਅਨੁਸਾਰ ਭਾਵੇਂ ਜਹਾਜ਼ ਨੂੰ ਹੰਗਾਮੀ ਹਾਲਤ ’ਚ ਉਤਰਨ ਦਿੱਤਾ ਗਿਆ ਪਰ ਯਾਤਰੀ ਨੂੰ ਨਹੀਂ ਬਚਾਇਆ ਜਾ ਸਕਿਆ।
ਇੰਡੀਗੋ ਅਨੁਸਾਰ ਯਾਤਰੀ ਨੂੰ ਸਮੇਂ ਸਿਰ ਮੈਡੀਕਲ ਮਦਦ ਨਹੀਂ ਮਿਲ ਸਕੀ ਤੇ ਹਵਾਈ ਅੱਡੇ ਦੀ ਟੀਮ ਦੇ ਉੱਥੇ ਪਹੁੰਚਣ ਤਕ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਏਅਰਲਾਈਨ ਦੇ ਅਧਿਕਾਰੀਆਂ ਨੇ ਕਿਹਾ, ‘ਇਸ ਖ਼ਬਰ ਨਾਲ ਅਸੀਂ ਬਹੁਤ ਦੁਖੀ ਹਾਂ ਅਤੇ ਸਾਡੀਆਂ ਦੁਆਵਾਂ ਪੀੜਤ ਪਰਿਵਾਰ ਨਾਲ ਹਨ। ’
ਏਅਰਲਾਈਨ ਅਨੁਸਾਰ ਸ਼ਾਰਜਾਹ ਤੋਂ ਲਖਨਊ ਆ ਰਹੀ ਉਡਾਣ ਦਾ ਰਸਤਾ ਬਦਲ ਕੇ ਇਸ ਨੂੰ ਕਰਾਚੀ ਲਿਜਾਇਆ ਗਿਆ। ਪਾਕਿਸਤਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਜਹਾਜ਼ ਇਰਾਨ ਤੋਂ ਹੁੰਦਾ ਹੋਇਆ ਸਵੇਰੇ 4 ਵਜੇ ਪਾਕਿਸਤਾਨ ਦੇ ਹਵਾਈ ਖੇਤਰ ’ਚ ਪੁੱਜਿਆ ਤਾਂ ਜਹਾਜ਼ ਦੇ ਕਪਤਾਨ ਵੱਲੋਂ ਹੰਗਾਮੀ ਹਾਲਤ ’ਚ ਜਹਾਜ਼ ਉਤਾਰਨ ਦੀ ਇਜਾਜ਼ਤ ਮੰਗੀ ਗਈ। ਇਸ ’ਤੇ ਉਨ੍ਹਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਤੇ ਪੰਜ ਵਜੇ ਦੇ ਕਰੀਬ ਜਹਾਜ਼ ਨੂੰ ਉਤਾਰਿਆ ਗਿਆ ਪਰ ਯਾਤਰੀ ਨੂੰ ਬਚਾਇਆ ਨਹੀਂ ਜਾ ਸਕਿਆ। ਸਾਰੀ ਕਾਰਵਾਈ ਕਰਨ ਮਗਰੋਂ ਸਵੇਰੇ 8.36 ਵਜੇ ਇਸ ਨੂੰ ਅਹਿਮਦਾਬਾਦ ਲਈ ਰਵਾਨਾ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ। -ਪੀਟੀਆਈ