ਨਵੀਂ ਦਿੱਲੀ, 22 ਫਰਵਰੀ
ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਪਤੰਜਲੀ ਦੇ ਉਤਪਾਦ ‘ਕੋਰੋਨਿਲ’ ਦੀ ਤਸਦੀਕ ਕਰਨ ਲਈ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਉਨ੍ਹਾਂ ਤੋਂ ਉਸ ਉਤਪਾਦ ਦੀ ਤਸਦੀਕ ਕਰਨ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਚੇਤੇ ਰਹੇ ਕਿ ਪਤੰਜਲੀ ਨੇ ਕੋਰੋਨਿਲ ਲਾਂਚ ਕਰਨ ਮੌਕੇ ਦਾਅਵਾ ਕੀਤਾ ਸੀ ਕਿ ਇਹ ਕੋਵਿਡ-19 ਦੇ ਇਲਾਜ ’ਚ ਕਾਰਗਰ ਹੈ। ਹਾਲਾਂਕਿ ਆਲਮੀ ਸਿਹਤ ਸੰਸਥਾ ਨੇ ਪਤੰਜਲੀ ਦੇ ਇਸ ਦਾਅਵੇ ’ਤੇ ਉਜਰ ਜਤਾਇਆ ਸੀ। ਆਈਐੱਮਏ ਨੇ ਕਿਹਾ, ‘‘ਭਾਰਤੀ ਮੈਡੀਕਲ ਕੌਂਸਲ ਵੱਲੋਂ ਜਾਰੀ ਕੋਡ (ਦਿਸ਼ਾ ਨਿਰਦੇਸ਼ਾਂ), ਜਿਸ ਨੂੰ ਮੰਨਣ ਲਈ ਹਰ ਆਧੁਨਿਕ ਮੈਡੀਕਲ ਡਾਕਟਰ ਪਾਬੰਦ ਹਨ, ਤਹਿਤ ਕੋਈ ਵੀ ਡਾਕਟਰ ਕਿਸੇ ਦਵਾਈ ਦਾ ਪ੍ਰਚਾਰ ਪਾਸਾਰ ਨਹੀਂ ਕਰ ਸਕਦਾ। ਪਰ ਇਹ ਗੱਲ ਕਾਫ਼ੀ ਹੈਰਾਨ ਕਰਨ ਵਾਲੀ ਹੈ ਕਿ ਸਿਹਤ ਮੰਤਰੀ, ਜੋ ਖ਼ੁਦ ਆਧੁਨਿਕ ਮੈਡੀਸਨ ਡਾਕਟਰ ਹਨ, ਦਵਾਈ ਦਾ ਪ੍ਰਚਾਰ ਪਾਸਾਰ ਕਰ ਰਹੇ ਸਨ।’ ਆਈਐੱਮਏ ਨੇ ਕਿਹਾ ਕਿ ਦੇਸ਼ ਦੇ ਸਿਹਤ ਮੰਤਰੀ ਦੀ ਹਾਜ਼ਰੀ ਵਿੱਚ ਅਵਿਗਿਆਨਕ ਦਵਾਈ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨਾ ਤੇ ਮਗਰੋਂ ਜਿਸ ਦਵਾਈ ਨੂੰ ਡਬਲਿਊਐੱਚਓ ਨੇ ਰੱਦ ਕਰ ਦਿੱਤਾ, ਪੂਰੇ ਦੇਸ਼ ਦਾ ਅਪਮਾਨ ਤੇ ਮੂੰਹ ’ਤੇ ਚਪੇੜ ਹੈ।’ ਐਸੋਸੀਏਸ਼ਨ ਨੇ ਯੋਗ ਗੁਰੂ ਰਾਮਦੇਵ ਦੀ ਆਯੁਰਵੈਦਿਕ ਫਰਮ ਪਤੰਜਲੀ ਵੱਲੋਂ ਵਿਉਂਤੇ ਸਮਾਗਮ ’ਚ ਹਾਜ਼ਰੀ ਲਈ ਕੇਂਦਰੀ ਸਿਹਤ ਮੰਤਰੀ ਦੀ ਇਕ ਡਾਕਟਰ ਤੇ ਦੇਸ਼ ਦੇ ਸਿਹਤ ਮੰਤਰੀ ਵਜੋਂ ਨੈਤਿਕਤਾ ’ਤੇ ਵੀ ਸਵਾਲ ਉਠਾਇਆ ਹੈ। ਐਸੋਸੀਏਸ਼ਨ ਨੇ ਕੌਮੀ ਮੈਡੀਕਲ ਕਮਿਸ਼ਨ (ਜੋ ਪਹਿਲਾਂ ਭਾਰਤੀ ਮੈਡੀਕਲ ਕੌਂਸਲ ਸੀ) ਤਹਿਤ ਇਕ ਕਲਾਜ਼ ਦਾ ਵੀ ਜ਼ਿਕਰ ਕੀਤਾ ਹੈ, ਜੋ ਇਕ ਡਾਕਟਰ ਨੂੰ ਕਿਸੇ ਦਵਾਈ ਦਾ ਪ੍ਰਚਾਰ ਪਾਸਾਰ ਕਰਨ ਤੋਂ ਰੋਕਦੀ ਹੈ। ਚੇਤੇ ਰਹੇ ਕਿ ‘ਕੋਰੋਨਿਲ’ ਟੈਬਲੇਟ ਲਾਂਚ ਕਰਨ ਲਈ 19 ਫਰਵਰੀ ਨੂੰ ਰੱਖੇ ਇਸ ਸਮਾਗਮ ਵਿੱਚ ਹਰਸ਼ ਵਰਧਨ ਤੋਂ ਇਲਾਵਾ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ। -ਪੀਟੀਆਈ
ਸ਼ਾਹ ਵੱਲੋਂ ਕਰੋਨਾ ਦੀ ਸਥਿਤੀ ਦੀ ਸਮੀਖਿਆ
ਨਵੀਂ ਦਿੱਲੀ: ਮਹਾਰਾਸ਼ਟਰ, ਪੰਜਾਬ, ਕੇਰਲਾ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਆਦਿ ਸੂਬਿਆਂ ’ਚ ਕਰੋਨਾ ਲਾਗ ਦੇ ਕੇਸ ਵਧਣ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੀਟਿੰਗ ਕਰਕੇ ਦੇਸ਼ ’ਚ ਕਰੋਨਾ ਮਹਾਮਾਰੀ ਦੀ ਸਥਿਤੀ ਦਾ ਜਾਇਜ਼ਾ ਲਿਆ। ਮੀਟਿੰਗ ’ਚ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ, ਗ੍ਰਹਿ ਸਕੱਤਰ ਅਜੈ ਭੱਲਾ ਅਤੇ ਦੋਵਾਂ ਮੰਤਰਾਲਿਆਂ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੀਟਿੰਗ ’ਚ ਕਰੋਨਾ ਟੀਕਾਕਰਨ ਮੁਹਿੰਮ ਤੋਂ ਇਲਾਵਾ ਕਰੋਨਾ ਲਾਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਕਦਮਾਂ ’ਤੇ ਚਰਚਾ ਕੀਤੀ ਗਈ। ਇੱਕ ਹੋਰ ਅਧਿਕਾਰੀ ਮੁਤਾਬਕ ਮੀਟਿੰਗ ਦੌਰਾਨ ਪ੍ਰਭਾਵਿਤ ਰਾਜਾਂ ਨੂੰ ਹਰ ਸੰਭਵ ਮਦਦ ਦੇਣ ਸਬੰਧੀ ਵੀ ਚਰਚਾ ਕੀਤੀ ਗਈ। -ਪੀਟੀਆਈ