ਮੁੰਬਈ: ਬੰਬੇ ਹਾਈ ਕੋਰਟ ਨੇ ਅੱਜ ਕਾਰੋਬਾਰੀ ਰਾਜ ਕੁੰਦਰਾ ਤੇ ਉਸ ਦੇ ਸਾਥੀ ਰਿਆਨ ਥੋਰਪੇ ਦੀ ਉਸ ਪਟੀਸ਼ਨ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ ਜਿਸ ’ਚ ਉਨ੍ਹਾਂ ਅਸ਼ਲੀਲ ਫਿਲਮਾਂ ਨਾਲ ਸਬੰਧਤ ਮਾਮਲੇ ’ਚ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਹੈ। ਪੁਲੀਸ ਨੇ ਅਦਾਲਤ ’ਚ ਦਲੀਲ ਦਿੱਤੀ ਹੈ ਕਿ ਰਾਜ ਕੁੰਦਰਾ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ। ਕੁੰਦਰਾ ਤੇ ਥੋਰਪੇ ਨੇ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਗ਼ੈਰਕਾਨੂੰਨੀ ਹੈ ਤੇ ਇਹ ਲਾਜ਼ਮੀ ਤੌਰ ’ਤੇ ਅਗਾਊਂ ਨੋਟਿਸ ਦੇਣ ਸਬੰਧੀ ਸੀਆਰਪੀਸੀ ਦੀ ਧਾਰਾ 41 ਏ ਦੀ ਉਲੰਘਣਾ ਹੈ। ਇਸੇ ਤਰ੍ਹਾਂ ਸੈਸ਼ਨ ਕੋਰਟ ਨੇ ਵੀ ਕੁੰਦਰਾ ਦੀ ਅਗਾਊਂ ਜ਼ਮਾਨਤ ਸਬੰਧੀ ਅਰਜ਼ੀ ’ਤੇ ਫ਼ੈਸਲਾ 7 ਅਗਸਤ ਤੱਕ ਰਾਖਵਾਂ ਰੱਖ ਲਿਆ ਹੈ। -ਪੀਟੀਆਈ