ਸਰਕਾਰ ਵੱਲੋਂ ਵਿਰੋਧੀ ਧਿਰ ਨੂੰ ਸਾਰੇ ਮਸਲੇ ਵਿਚਾਰਨ ਦਾ ਭਰੋਸਾ : The Tribune India

ਸੰਸਦ ਦਾ ਬਜਟ ਇਜਲਾਸ ਅੱਜ ਤੋਂ

ਸਰਕਾਰ ਵੱਲੋਂ ਵਿਰੋਧੀ ਧਿਰ ਨੂੰ ਸਾਰੇ ਮਸਲੇ ਵਿਚਾਰਨ ਦਾ ਭਰੋਸਾ

ਸਰਬ ਪਾਰਟੀ ਮੀਟਿੰਗ ਵਿੱਚ ਵਿਰੋਧੀ ਧਿਰ ਤੋਂ ਮੰਗਿਆ ਸਹਿਯੋਗ

ਸਰਕਾਰ ਵੱਲੋਂ ਵਿਰੋਧੀ ਧਿਰ ਨੂੰ ਸਾਰੇ ਮਸਲੇ ਵਿਚਾਰਨ ਦਾ ਭਰੋਸਾ

ਸਰਬ ਪਾਰਟੀ ਮੀਿਟੰਗ ’ਚ ਹਿੱਸਾ ਲੈਂਦੇ ਵੱਖ-ਵੱਖ ਪਾਰਟੀਆਂ ਦੇ ਆਗੂ। -ਫੋਟੋ: ਪੀਟੀਆਈ

ਨਵੀਂ ਦਿੱਲੀ, 30 ਜਨਵਰੀ

ਮੁੱਖ ਅੰਸ਼

  • ਵਿਰੋਧੀ ਧਿਰਾਂ ਨੇ ਅਡਾਨੀ ਸਟਾਕਸ, ਬੀਬੀਸੀ ਦਸਤਾਵੇਜ਼ੀ, ਰਾਜਪਾਲ ਦਾ ਸੂਬਿਆਂ ਦੇ ਕੰਮਕਾਜ ’ਚ ਦਖ਼ਲ ਦਾ ਮੁੱਦਾ ਚੁੱਕਿਆ
  • ਵਾਈਐੱਸਆਰ ਕਾਂਗਰਸ ਵੱਲੋਂ ਜਾਤ-ਅਧਾਰਿਤ ਆਰਥਿਕ ਮਰਦਮਸ਼ੁਮਾਰੀ ਦਾ ਸੱਦਾ

ਸਰਕਾਰ ਨੇ ਅੱਜ ਕਿਹਾ ਕਿ ਉਹ ਬਜਟ ਇਜਲਾਸ ਦੌਰਾਨ ਨਿਯਮਾਂ ਤਹਿਤ ਹਰੇਕ ਮੁੱਦੇ ’ਤੇ ਚਰਚਾ ਲਈ ਤਿਆਰ ਹੈ। ਸਰਕਾਰ ਨੇ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਇਜਲਾਸ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਵਿਰੋਧੀ ਧਿਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਉਧਰ ਵਿਰੋਧੀ ਧਿਰਾਂ ਨੇ ਇਜਲਾਸ ਦੌਰਾਨ ਅਡਾਨੀ ਸ਼ੇਅਰ ਬਾਜ਼ਾਰ, ਬੀਬੀਸੀ ਦਸਤਾਵੇਜ਼ੀ ’ਤੇ ਪਾਬੰਦੀ, ਰਾਜਪਾਲ ਵੱਲੋਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਰਾਜਾਂ ’ਚ ਦਖ਼ਲ ਸਣੇ ਗੰਭੀਰ ਤੇ ਸੰਵੇਦਨਸ਼ੀਲ ਮੁੱਦਿਆਂ ’ਤੇ ਚਰਚਾ ਕਰਵਾਉਣ ਦੀ ਮੰਗ ਕੀਤੀ ਜਦੋਂਕਿ ਵਾਈਐੱਸਆਰ ਕਾਂਗਰਸ ਨੇ ਜਾਤੀ ਅਧਾਰਿਤ ਆਰਥਿਕ ਮਰਦਮਸ਼ੁਮਾਰੀ ਦਾ ਸੱਦਾ ਦਿੱਤਾ। ਕੇਂਦਰੀ ਬਜਟ ਪਹਿਲੀ ਫਰਵਰੀ ਨੂੰ ਪੇਸ਼ ਕੀਤਾ ਜਾਣਾ ਹੈ ਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦਾ ਇਹ ਆਖਰੀ ਮੁਕੰਮਲ ਬਜਟ ਹੋਵੇਗਾ। ਸਰਬ ਪਾਰਟੀ ਮੀਿਟੰਗ ਵਿੱਚ 27 ਪਾਰਟੀਆਂ ਦੇ 37 ਆਗੂ ਸ਼ਾਮਲ ਸਨ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸਰਕਾਰ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੇਮਾਂ ਤਹਿਤ ਸੰਸਦ ਵਿੱਚ ਹਰੇਕ ਮੁੱਦੇ ’ਤੇ ਚਰਚਾ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ‘ਉਹ ਵਿਰੋਧੀ ਧਿਰਾਂ ਤੋਂ ਸਹਿਯੋਗ ਦੀ ਮੰਗ ਕਰਦੇ ਹਨ।’’ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਸੰਜੈ ਸਿੰਘ, ਆਰਜੇਡੀ ਦੇ ਮਨੋਜ ਝਾਅ, ਡੀਐੱਮਕੇ, ਖੱਬੀਆਂ ਪਾਰਟੀਆਂ ਤੇ ਹੋਰਨਾਂ ਨੇ ਅਡਾਨੀ ਦਾ ਮੁੱਦਾ ਚੁੱਕਿਆ ਤੇ ਬਜਟ ਇਜਲਾਸ ਦੌਰਾਨ ਸੰਸਦ ਵਿੱਚ ਇਸ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ। ਅਮਰੀਕਾ ਅਧਾਰਿਤ ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ’ਤੇ ਆਪਣੇ ਹਿੱਤਾਂ ਮੁਤਾਬਕ ਸ਼ੇਅਰ ਬਾਜ਼ਾਰ ਵਿੱਚ ਜੋੜ-ਤੋੜ ਕਰਨ ਦਾ ਦੋਸ਼ ਲਾਇਆ ਸੀ। ਕੰਪਨੀ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ‘ਬੇਬੁਨਿਆਦ’ ਦੱਸ ਕੇ ਖਾਰਜ ਕਰ ਦਿੱਤਾ ਹੈ। ਸਰਬ-ਪਾਰਟੀ ਮੀਟਿੰਗ ਦੌਰਾਨ ਕਈ ਵਿਰੋਧੀ ਪਾਰਟੀਆਂ ਨੇ ਅਡਾਨੀ ਗਰੁੱਪ ਸਟਾਕਸ ਦੇ ਮੁੱਦੇ ’ਤੇ ਚਰਚਾ ਕਰਵਾਉਣ ਦੀ ਮੰਗ ਕੀਤੀ। ਸੰਸਦ ਮੈਂਬਰਾਂ ਨੇ ਸਰਕਾਰ ਨੂੰ ਕਿਹਾ ਕਿ ਇਸ ਮੁੱਦੇ ’ਤੇ ਚਰਚਾ ਕਰਵਾਈ ਜਾਵੇ ਕਿਉਂਕਿ ਇਹ ਦੇਸ਼ ਦੇ ਅਰਥਚਾਰੇ ਨਾਲ ਜੁੜਿਆ ਮਸਲਾ ਹੈ, ਜਿਸ ਨਾਲ ਵੱਡੀ ਗਿਣਤੀ ਲੋਕਾਂ ਦੇ ਫ਼ਿਕਰ ਜੁੜੇ ਹੋਏ ਹਨ। ਜਿਨ੍ਹਾਂ ਪਾਰਟੀਆਂ ਨੇ ਇਹ ਮੁੱਦਾ ਰੱਖਿਆ, ਉਨ੍ਹਾਂ ਵਿਚ ਆਰਜੇਡੀ, ਸੀਪੀਆਈ-ਐੱਮ, ਆਮ ਆਦਮੀ ਪਾਰਟੀ ਤੇ ਨੈਸ਼ਨਲ ਕਾਨਫਰੰਸ ਪ੍ਰਮੁੱਖ ਸਨ। ਵਾਈਐੱਸਆਰ ਕਾਂਗਰਸ ਨੇ ਦੇਸ਼ਵਿਆਪੀ ਜਾਤੀ ਅਧਾਰਿਤ ਆਰਥਿਕ ਮਰਦਮਸ਼ੁਮਾਰੀ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਕਿ ਪੱਛੜੀਆਂ ਜਾਤਾਂ, ਜੋ ਸਮਾਜਿਕ ਤੇ ਵਿਕਾਸ ਸੂਚਕਾਂ ਵਿੱਚ ‘ਪਿੱਛੇ ਰਹਿ ਗਈਆਂ ਹਨ’, ਦੇ ਆਰਥਿਕ ਰੁਤਬੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਪਾਰਟੀ ਆਗੂ ਵਿਜੈਸਾਈ ਰੈੱਡੀ ਨੇ ਕਿਹਾ ਕਿ ਪੱਛੜੀਆਂ ਜਾਤਾਂ ਕੁੱਲ ਅਬਾਦੀ ਦਾ 50 ਫੀਸਦ ਤੋਂ ਵੀ ਵੱਧ ਹਨ ਤੇ ਮਰਦਮਸ਼ੁਮਾਰੀ ਨਾਲ ਉਨ੍ਹਾਂ ਦੇ ਆਰਥਿਕ ਦਰਜੇ ਬਾਰੇ ਪਤਾ ਲਾਉਣ ਵਿੱਚ ਮਦਦ ਮਿਲੇਗੀ। ਰੈੱਡੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਸੰਸਦ ਵਿੱਚ ਮਹਿਲਾਵਾਂ ਲਈ ਰਾਖਵਾਂਕਰਨ ਯਕੀਨੀ ਬਣਾਉਣ ਲਈ ਮਹਿਲਾ ਕੋਟਾ ਬਿੱਲ ਲਿਆਉਣ ਦੀ ਵੀ ਮੰਗ ਕੀਤੀ ਹੈ। ਟੀਆਰਐੱਸ, ਟੀਐੱਮਸੀ ਤੇ ਬੀਜੇਡੀ ਨੇ ਵੀ ਮੰਗ ਦੀ ਹਮਾਇਤ ਕੀਤੀ ਹੈ। ਸਰਬ ਪਾਰਟੀ ਮੀਟਿੰਗ ਮਗਰੋਂ ‘ਆਪ’ ਆਗੂ ਸੰਜੈ ਸਿੰਘ ਨੇ ਏਐੱਨਆਈ ਨੂੰ ਦੱਸਿਆ, ‘‘ਹੁਣ ਤੱਕ ਅਡਾਨੀ ਸਟਾਕਸ ਮਾਮਲੇ ਦੀ ਕੋਈ ਜਾਂਚ ਕਿਉਂ ਨਹੀਂ ਹੋਈ? ਸੀਬੀਆਈ, ਈਡੀ ਜਾਂ ਸੇਬੀ ਕਿੱਥੇ ਹਨ? ਲੋਕਾਂ ਨਾਲ ਜੁੜੇ ਫੰਡਾਂ ’ਚ ਠੱਗੀ ਠੋਰੀ ਦੀ ਇਜਾਜ਼ਤ ਕਿਉਂ ਦਿੱਤੀ ਗਈ? ਅਸੀਂ ਸਦਨ ਵਿੱਚ ਇਸ ਮੁੱਦੇ ’ਤੇ ਚਰਚਾ ਕਰਵਾਏ ਜਾਣ ਦੀ ਮੰਗ ਕੀਤੀ ਹੈ ਅਤੇ ਜੇਕਰ ਸਰਕਾਰ ਇਸ (ਮਸਲੇ) ਨੂੰ ਨਾ ਲਿਆਈ ਤਾਂ ਅਸੀਂ ਇਸ ਨੂੰ ਸੰਸਦ ਵਿੱਚ ਮੁੜ ਰੱਖਾਂਗੇ।’’ ਵਿਰੋਧੀ ਧਿਰਾਂ ਨੇ ਬੀਬੀਸੀ ਦਸਤਾਵੇਜ਼ੀ ਦੇ ਹਵਾਲੇ ਨਾਲ ਦਲੀਲ ਦਿੱਤੀ ਕਿ ‘ਸਰਕਾਰ ਨੂੰ ਬੀਬੀਸੀ ਵਰਗੀਆਂ ਦਸਤਾਵੇਜ਼ੀਆਂ ’ਤੇ ਪਾਬੰਦੀ ਲਾ ਕੇ ਕੀ ਫਾਇਦਾ ਹੁੰਦਾ ਹੈ? ਇਸ ਨਾਲ ਸਿਰਫ਼ ਬੇਲੋੜੀ ਉਤਸੁਕਤਾ ਵਧਦੀ ਹੈ।’’ ਟੀਐੱਮਸੀ ਆਗੂ ਸੁਦੀਪ ਬੰਧੋਪਾਧਿਆੲੇ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਵੀ ਬੀਬੀਸੀ ਦੇ ਮੁੱਦੇ ’ਤੇ ਚਰਚਾ ਲਈ ਕਿਹਾ ਹੈ। ਅਸੀਂ ਸਪਸ਼ਟੀਕਰਨ ਚਾਹੁੰਦੇ ਹਾਂ।’’ ਕੁਝ ਵਿਰੋਧੀ ਧਿਰਾਂ ਨੇ ਰਾਜਪਾਲਾਂ ਵੱਲੋਂ ਸੂਬਾ ਸਰਕਾਰਾਂ ਦੇ ਕੰਮਕਾਜ ’ਚ ਬੇਲੋੜੇ ਦਖ਼ਲ ਦਾ ਮੁੱਦਾ ਰੱਖਿਆ। ਭਾਰਤੀ ਰਾਸ਼ਟਰ ਸਮਿਤੀ ਤੇ ਡੀਐੱਮਕੇ ਨੇ ਵੀ ਇਸ ਮੁੱਦੇ ’ਤੇ ਹੋਰਨਾਂ ਪਾਰਟੀਆਂ ਦੀ ਹਮਾਇਤ ਕੀਤੀ। ਵਿਰੋਧੀ ਧਿਰਾਂ ਦੇ ਪ੍ਰਮੁੱਖ ਆਗੂਆਂ ਵਿੱਚ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਸ਼ਿਵ ਸੈਨਾ (ਊਧਵ ਠਾਕਰੇ) ਦੀ ਪ੍ਰਿਯੰਕਾ ਚਤੁਰਵੇਦੀ, ਆਰਜੇਡੀ ਆਗੂ ਮਨੋਜ ਝਾਅ, ਵਾਈਐੱਸਆਰ ਕਾਂਗਰਸ ਤੋਂ ਵਿਜੈਸਾਈ ਰੈੱਡੀ, ਟੀਆਰਐੱਸ ਆਗੂ ਕੇ.ਕੇਸ਼ਵ ਰਾਓ ਤੇ ਨਮਾ ਨਾਗੇਸ਼ਵਰ ਰਾਓ ਆਦਿ ਸ਼ਾਮਲ ਸਨ। ਸ੍ਰੀਨਗਰ ਵਿੱਚ ਅੱਜ ਸਮਾਪਤ ਹੋਈ ਭਾਰਤ ਜੋੜੋ ਯਾਤਰਾ ਕਰਕੇ ਕਾਂਗਰਸ ਆਗੂ ਸਰਬ ਪਾਰਟੀ ਮੀਟਿੰਗ ਵਿੱਚੋਂ ਗ਼ੈਰਹਾਜ਼ਰ ਰਹੇ। -ਪੀਟੀਆਈ/ਏਐੱਨਆਈ

ਰਾਸ਼ਟਰਪਤੀ ਸੰਸਦ ਦੇ ਸਾਂਝੇ ਇਜਲਾਸ ਨੂੰ ਕਰਨਗੇ ਸੰਬੋਧਨ

ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ। ਪਹਿਲੇ ਦਿਨ ਰਾਸ਼ਟਰਪਤੀ ਦਰੋਪਦੀ ਮੁਰਮੂ ਲੋਕ ਸਭਾ ਤੇ ਰਾਜ ਸਭਾ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਨਗੇ। ਬਜਟ ਇਜਲਾਸ ਦੌਰਾਨ ਕੁੱਲ 27 ਬੈਠਕਾਂ ਹੋਣਗੀਆਂ ਤੇ ਇਹ 6 ਅਪਰੈਲ ਤੱਕ ਜਾਰੀ ਰਹੇਗਾ। ਇਸ ਦੌਰਾਨ ਬਜਟ ਦਸਤਾਵੇਜ਼ਾਂ ਦੀ ਘੋਖ ਲਈ, ਵਿਚਾਲੇ ਇਕ ਮਹੀਨੇ ਦੀ ਬ੍ਰੇਕ ਰਹੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All