ਮੁੰਬਈ, 29 ਅਕਤੂਬਰ
ਮੁੱਖ ਅੰਸ਼
- ਵਾਨਖੇੜੇ ਦੇ ਪਰਿਵਾਰ ਵੱਲੋਂ ਭਾਜਪਾ ਆਗੂ ਨਾਲ ਮੁਲਕਾਤ ’ਤੇ ਐੱਨਸੀਪੀ ਆਗੂ ਨੇ ਕੱਸਿਆ ਤਨਜ਼
- ਵਿਧਾਨ ਸਭਾ ਇਜਲਾਸ ਦੌਰਾਨ ਹੋਰ ਖੁਲਾਸੇ ਕਰਨ ਦਾ ਕੀਤਾ ਐਲਾਨ
ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਨਾਰਕੋਟਿਕਸ ਕੰਟਰੋਲ ਬਿਉਰੋ (ਐੱਨਸੀਬੀ) ਦੇ ਮੁੰਬਈ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਭਾਜਪਾ ਆਗੂ ਕਿਰਿਤ ਸੋਮਈਆ ਨਾਲ ਮੁਲਾਕਾਤ ਕੀਤੇ ਜਾਣ ’ਤੇ ਤਨਜ਼ ਕਸਦਿਆਂ ਕਿਹਾ ਕਿ ਜਿੰਨ ਬੋਤਲ ’ਚੋਂ ਬਾਹਰ ਆ ਗਿਆ ਹੈ। ਮਲਿਕ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਮਹਾਰਾਸ਼ਟਰ ਅਤੇ ਹਿੰਦੀ ਫਿਲਮ ਇੰਡਸਟਰੀ ਨੂੰ ਬਦਨਾਮ ਕਰਨ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਦਸੰਬਰ ’ਚ ਵਿਧਾਨ ਸਭਾ ਦੇ ਹੋਣ ਵਾਲੇ ਇਜਲਾਸ ਦੌਰਾਨ ਭਾਜਪਾ ਆਗੂਆਂ ਅਤੇ ਵਾਨਖੇੜੇ ਵਿਚਕਾਰ ਸਬੰਧਾਂ ਦਾ ਪਰਦਾਫ਼ਾਸ਼ ਕਰਨਗੇ।
ਐੱਨਸੀਪੀ ਆਗੂ ਨੇ ਕਿਹਾ,‘‘ਸਮੀਰ ਵਾਨਖੇੜੇ ਦੀ ਪਤਨੀ ਨੇ ਕੱਲ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਮਰਾਠੀ ਪੱਤਾ ਖੇਡਦਿਆਂ ਹਮਾਇਤ ਮੰਗੀ ਸੀ ਪਰ ਸ਼ਾਮ ਨੂੰ ਪੂਰਾ ਪਰਿਵਾਰ ਭਾਜਪਾ ਆਗੂ ਕਿਰਿਤ ਸੋਮਈਆ ਨੂੰ ਮਿਲਣ ਲਈ ਚਲਾ ਗਿਆ। ਸਪੱਸ਼ਟ ਹੈ ਕਿ ਜਿੰਨ ਬੋਤਲ ’ਚੋਂ ਬਾਹਰ ਆ ਗਿਆ ਹੈ।’’ ਉਨ੍ਹਾਂ ਕਿਹਾ ਕਿ ਆਰੀਅਨ ਖ਼ਾਨ ਦੀ ਗ੍ਰਿਫ਼ਤਾਰੀ ਦੇ ਮਾਮਲੇ ’ਚ ਗਵਾਹ ਕਿਰਨ ਗੋਸਾਵੀ ਦੀ ਇਕ ਭਾਜਪਾ ਆਗੂ ਦੀਆਂ ਕੁਝ ਕੰਪਨੀਆਂ ’ਚ ਭਾਈਵਾਲੀ ਹੈ। -ਪੀਟੀਆਈ