ਸ੍ਰੀਨਗਰ/ਸੋਲਨ, 4 ਫਰਵਰੀ
ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸੱਜਰੀ ਬਰਫ਼ਬਾਰੀ ਤੇ ਕੁਝ ਥਾਈਂ ਮੀਂਹ ਪੈਣ ਨਾਲ ਠੰਢ ਨੇ ਜ਼ੋਰ ਫੜ ਲਿਆ ਹੈ। ਬਰਫ਼ਬਾਰੀ ਕਰਕੇ ਹੇਠਲਾ ਤਾਪਮਾਨ ਕਈ ਦਰਜੇ ਹੇਠਾਂ ਚਲਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਵਾਦੀ ਵਿੱਚ ਕਈ ਥਾਵਾਂ ’ਤੇ ਖਾਸ ਕਰਕੇ ਦੱਖਣੀ ਕਸ਼ਮੀਰ ਵਿੱਚ ਬੀਤੀ ਅੱਧੀ ਰਾਤ ਤੋਂ ਬਰਫ਼ ਪੈਣੀ ਸ਼ੁਰੂ ਹੋ ਗਈ ਸੀ। ਉਧਰ ਹਿਮਾਚਲ ਪ੍ਰਦੇਸ਼ ਦੇ ਕਸੌਲੀ, ਸੋਲਨ, ਬਟੋਗ ਤੇ ਡਗਸ਼ਈ ਵਿੱਚ ਅੱਜ ਸਰਦ ਰੁੱਤ ਦੀ ਪਹਿਲੀ ਬਰਫ਼ਬਾਰੀ ਹੋਈ। ਹਿੱਲ ਸਟੇਸ਼ਨਾਂ ਵਿੱਚ ਬਰਫ਼ਬਾਰੀ ਨਾਲ ਠੰਢ ਵਧ ਗਈ ਹੈ। ਹਾਲਾਂਕਿ ਸਥਾਨਕ ਲੋਕ ਬਰਫ਼ਬਾਰੀ ਕਰਕੇ ਖ਼ੁਸ਼ ਨਜ਼ਰ ਆਏ ਕਿਉਂਕਿ ਬਰਫ਼ ਪੈਣ ਮਗਰੋਂ ਸੈਲਾਨੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ। -ਪੀਟੀਆਈ