ਮੁੰਬਈ: ਐੱਨਸੀਪੀ ਆਗੂ ਸ਼ਰਦ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ ਦੀ ਮਹਾ ਵਿਕਾਸ ਅਘਾੜੀ ਸਰਕਾਰ ਦੀ ਕਿਸਮਤ ਦਾ ਫੈਸਲਾ ਅਸੈਂਬਲੀ ਦੇ ਫਲੋਰ ’ਤੇ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਗੱਠਜੋੜ ਭਰੋਸਗੀ ਮਤੇ ’ਤੇ ਵੋਟਿੰਗ ਦੌਰਾਨ ਆਪਣਾ ਬਹੁਮੱਤ ਸਾਬਤ ਕਰੇਗਾ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਵਾਰ ਨੇ ਕਿਹਾ ਮਹਾਰਾਸ਼ਟਰ ਸਰਕਾਰ ਨੂੰ ਦਰਪੇਸ਼ ਸਿਆਸੀ ਸੰਕਟ ਪਿੱਛੇ ਭਾਜਪਾ ਦੀ ਭੂਮਿਕਾ ਹੈ। ਉਨ੍ਹਾਂ ਕਿਹਾ, ‘‘ਐੱਮਵੀਏ ਸਰਕਾਰ ਦੀ ਕਿਸਮਤ ਦਾ ਫੈਸਲਾ ਗੁਹਾਟੀ ਵਿੱਚ ਨਹੀਂ, ਅਸੈਂਬਲੀ ਵਿੱਚ ਹੋਵੇਗਾ। ਗੱਠਜੋੜ ਸਰਕਾਰ ਸਦਨ ਦੀ ਫਲੋਰ ’ਤੇ ਆਪਣਾ ਬਹੁਮੱਤ ਸਾਬਤ ਕਰੇਗੀ।’’ ਪਵਾਰ ਨੂੰ ਜਦੋਂ ਪੁੱਛਿਆ ਕਿ ਉਪ ਮੁੱਖ ਮੰਤਰੀ ਅਜੀਤ ਪਵਾਰ ਇਸ ਬਗ਼ਾਵਤ ਪਿੱਛੇ ਭਾਜਪਾ ਦੀ ਭੂਮਿਕਾ ਨੂੰ ਨਹੀਂ ਵੇਖਦੇ, ਤਾਂ ਐੱਨਸੀਪੀ ਆਗੂ ਨੇ ਕਿਹਾ ਕਿ ਉਹ ਆਪਣੇ ਭਤੀਜੇ ਨਾਲ ਸਹਿਮਤ ਨਹੀਂ ਹਨ। ਪਵਾਰ ਨੇ ਕਿਹਾ ਕਿ ਬਾਗੀ ਵਿਧਾਇਕਾਂ ਨੂੰ ਮੁੰਬਈ ਪਰਤ ਕੇ ਅਸੈਂਬਲੀ ਦਾ ਸਾਹਮਣਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਗੁਜਰਾਤ ਤੇ ਅਸਾਮ ਦੇ ਭਾਜਪਾ ਆਗੂ ਉਨ੍ਹਾਂ ਨੂੰ ਸੇਧਾਂ ਦੇਣ ਲਈ ਇਥੇ ਨਹੀਂ ਆਉਣਗੇ। -ਪੀਟੀਆਈ