ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਾਫ਼ਲੇ ਦਿੱਲੀ ਦੇ ਮੋਰਚਿਆਂ ਉਪਰ ਪੁੱਜ ਰਹੇ ਹਨ। ਕਿਸਾਨ ਬਚਾਓ ਮੋਰਚਾ ਦੇ ਆਗੂ ਕਿਰਪਾ ਸਿੰਘ, ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਵਜੀਦਪੁਰ ਅਤੇ ਭਾਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਫੁਰਮਾਨ ਸਿੰਘ ਦੀ ਅਗਵਾਈ ਹੇਠ ਸਿੰਘੂ ਬਾਰਡਰ ’ਤੇ ਪੁੱਜੇ ਇਨ੍ਹਾਂ ਕਾਫ਼ਲਿਆਂ ਦਾ ਸਨਮਾਨ ਮੋਰਚੇ ਵੱਲੋਂ ਬਲਬੀਰ ਸਿੰਘ ਰਾਜੇਵਾਲ, ਮੁਕੇਸ਼ ਚੰਦਰ, ਜਗਜੀਤ ਸਿੰਘ ਡੱਲੇਵਾਲ ਤੇ ਹੋਰ ਕਿਸਾਨ ਆਗੂਆਂ ਨੇ ਕੀਤਾ।
ਕਿਸਾਨਾਂ ਦੇ ਇਹ ਜਥੇ ਮੋਰਚੇ ਦੀ ਮੁੱਖ ਸਟੇਜ ਤੱਕ ਪੁੱਜੇ ਅਤੇ ਰਾਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਕਾਫ਼ਲੇ 28, 29 ਅਤੇ 30 ਮਈ ਨੂੰ ਪੰਜਾਬ ਤੋਂ ਤੁਰੇ ਸਨ। ਕਿਸਾਨ ਆਗੂਆਂ ਨੇ ਮੁੱਖ ਸਟੇਜ ਤੋਂ ਕਿਹਾ ਕਿ ਬੀਤੇ ਦਿਨੀਂ ਕੁੱਝ ਟੀਵੀ ਚੈਨਲਾਂ ਨੇ ਮੋਰਚੇ ਵਿੱਚ ਫੁੱਟ ਪੈਣ ਦਾ ਝੂਠਾ ਪ੍ਰਚਾਰ ਕੀਤਾ ਸੀ। ਉਨ੍ਹਾਂ ਇੱਕ ਸੁਰ ਹੋ ਕੇ ਕਿਹਾ ਕਿ ਮੋਰਚੇ ਦੇ ਆਗੂ ਪੂਰੀ ਤਰ੍ਹਾਂ ਨਾਲ ਇਕ-ਮੁੱਠ ਹਨ। ਉਨ੍ਹਾਂ ਅਜਿਹਾ ਪ੍ਰਚਾਰ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ। ਆਗੂਆਂ ਨੇ ਕਿਹਾ ਕਿ 5 ਜੂਨ ਨੂੰ ਭਾਜਪਾ ਆਗੂਆਂ ਦੇ ਘਰਾਂ ਜਾਂ ਦਫ਼ਤਰਾਂ ਅੱਗੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜਿੱਥੇ ਕੋਈ ਭਾਜਪਾ ਆਗੂ ਨਹੀਂ ਹੈ, ਉੱਥੇ ਜ਼ਿਲ੍ਹਾ ਡੀਸੀ ਦਫ਼ਤਰਾਂ ਅੱਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਮੋਰਚੇ ਦੀਆਂ ਸਟੇਜਾਂ ਤੋਂ 6 ਜੂਨ ਨੂੰ ਮੰਦਸੌਰ ਵਿਖੇ ਸ਼ਹੀਦ ਹੋਏ ਕਿਸਾਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਬਹਿਰੂ, ਸੁਖਪਾਲ ਸਿੰਘ, ਬਲਵਿੰਦਰ ਸਿੰਘ ਰਾਜੂ ਅਤੇ ਹੋਰ ਆਗੂ ਵੀ ਹਾਜ਼ਰ ਸਨ।