ਲੇਹ/ਨਵੀਂ ਦਿੱਲੀ, 3 ਜੁਲਾਈ
ਚੀਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਸਾਰਵਾਦ ਦਾ ਯੁੱਗ ਖ਼ਤਮ ਹੋ ਚੁੱਕਾ ਹੈ ਅਤੇ ਦੁਸ਼ਮਣਾਂ ਨੇ ਭਾਰਤੀ ਹਥਿਆਰਬੰਦ ਬਲਾਂ ਦੀ ਬਹਾਦਰੀ ਨੂੰ ਦੇਖ ਲਿਆ ਹੈ। ਉਨ੍ਹਾਂ ਕਿਸੇ ਮੁਲਕ ਦਾ ਨਾਮ ਲਏ ਬਿਨਾਂ ਕਿਹਾ ਕਿ ਹੁਣ ਵਿਕਾਸ ਦਾ ਯੁੱਗ ਹੈ। ਚੀਨ ਨਾਲ ਸਰਹੱਦੀ ਵਿਵਾਦ ਦਰਮਿਆਨ ਸ੍ਰੀ ਮੋਦੀ ਅੱਜ ਅਚਾਨਕ ਹੀ ਲੱਦਾਖ ਪਹੁੰਚ ਗਏ ਜਿਥੇ ਉਨ੍ਹਾਂ ਭਾਰਤੀ ਫ਼ੌਜ ਵੱਲੋਂ ਕੀਤੀ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ। ਥਲ ਸੈਨਾ, ਹਵਾਈ ਸੈਨਾ ਅਤੇ ਆਈਟੀਬੀਪੀ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਗਲਵਾਨ ਘਾਟੀ ’ਚ ਝੜਪ ਦੌਰਾਨ ਸ਼ਹੀਦ ਹੋਏ 20 ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਿਹਾ ਕਿ ਹਥਿਆਰਬੰਦ ਬਲਾਂ ਵੱਲੋਂ ਦਿਖਾਈ ਬਹਾਦਰੀ ਦੇ ਕਿੱਸੇ ਮੁਲਕ ਦੇ ਹਰੇਕ ਕੋਨੇ ’ਚ ਗੂੰਜ ਰਹੇ ਹਨ। ਉਨ੍ਹਾਂ ਕਿਹਾ ਕਿ ਕਮਜ਼ੋਰ ਕਦੇ ਵੀ ਸ਼ਾਂਤੀ ਦੀ ਪਹਿਲ ਨਹੀਂ ਕਰ ਸਕਦਾ ਹੈ ਅਤੇ ਬਹਾਦਰੀ ਹੀ ਸ਼ਾਂਤੀ ਦੀ ਪਹਿਲੀ ਸ਼ਰਤ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਜਵਾਨਾਂ ਦੀ ਬਹਾਦਰੀ ਦੀ ਮਿਸਾਲ ਦਾ ਨੋਟਿਸ ਲਿਆ ਹੈ ਅਤੇ ਇਤਿਹਾਸ ਗਵਾਹ ਹੈ ਕਿ ਪਸਾਰਵਾਦੀਆਂ ਦਾ ਜਾਂ ਤਾਂ ਨਾਮੋ-ਨਿਸ਼ਾਨ ਮਿਟ ਗਿਆ ਜਾਂ ਉਨ੍ਹਾਂ ਨੂੰ ਮੁੜਨਾ ਪਿਆ। ਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਤੁਹਾਡਾ ਹੌਸਲਾ ਇਥੋਂ ਦੀਆਂ ਚੋਟੀਆਂ ਨਾਲੋਂ ਵੀ ਬਹੁਤ ਉੱਚਾ ਹੈ। ਜਦੋਂ ਮੁਲਕ ਦੀ ਸੁਰੱਖਿਆ ਤੁਹਾਡੇ ਹੱਥਾਂ ’ਚ ਹੈ ਤਾਂ ਮੈਨੂੰ ਹੀ ਨਹੀਂ ਪੂਰੇ ਮੁਲਕ ਨੂੰ ਤੁਹਾਡੇ ’ਤੇ ਨਾਜ਼ ਹੈ।’’ ਉਨਾਂ ਕਿਹਾ ਕਿ ਮੁਲਕ ’ਚ ‘ਬੰਸਰੀ ਵਾਲੇ ਭਗਵਾਨ ਕ੍ਰਿਸ਼ਨ’ ਦੀ ਪੂਜਾ ਕੀਤੀ ਜਾਂਦੀ ਹੈ ਪਰ ਜਦੋਂ ਸੁਰੱਖਿਆ ਦੀ ਗੱਲ ਆਵੇ ਤਾਂ ਲੋਕ ‘ਸੁਦਰਸ਼ਨ ਚੱਕਰ ਧਾਰੀ ਕ੍ਰਿਸ਼ਨ’ ਨੂੰ ਆਪਣਾ ਆਦਰਸ਼ ਮੰਨਦੇ ਹਨ। ਇਸ ਮੌਕੇ ਉਨ੍ਹਾਂ ਨਾਲ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਥਲ ਸੈਨਾ ਦੇ ਮੁਖੀ ਜਨਰਲ ਐੱਮ ਐੱਮ ਨਰਵਾਣੇ ਵੀ ਹਾਜ਼ਰ ਸਨ। ਸ੍ਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਸ਼ਾਂਤੀ, ਦੋਸਤੀ ਅਤੇ ਹੌਸਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਤਰੱਕੀ ਦੇ ਮਾਹੌਲ ਨੂੰ ਵਿਗਾੜਨ ਵਾਲੀਆਂ ਤਾਕਤਾਂ ਨੂੰ ਭਾਰਤ ਨੇ ਹਮੇਸ਼ਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਅਗਾਊਂ ਚੌਕੀ ਨਿਮੂ ਦਾ ਦੌਰਾ ਵੀ ਕੀਤਾ ਜਿਥੇ ਉਨ੍ਹਾਂ ਫੌਜ ਦੇ ਜਵਾਨਾਂ ਨਾਲ ਗੱਲਬਾਤ ਵੀ ਕੀਤੀ। ਇਹ ਇਲਾਕਾ ਜ਼ਾਂਸਕਰ ਰੇਂਜ ’ਚ ਸਿੰਧ ਦਰਿਆ ਦੇ ਕੰਢੇ ’ਤੇ ਪੈਂਦਾ ਹੈ।
-ਪੀਟੀਆਈ
‘130 ਕਰੋੜ ਭਾਰਤੀਆਂ ਨੂੰ ਸੂਰਮਿਆਂ ’ਤੇ ਮਾਣ’
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੀ ਗਲਵਾਨ ਘਾਟੀ ’ਚ ਪਿਛਲੇ ਮਹੀਨੇ ਚੀਨੀ ਫੌਜ ਨਾਲ ਹੋਈ ਹਿੰਸਕ ਝੜਪ ’ਚ ਜ਼ਖ਼ਮੀ ਹੋਏ ਜਵਾਨਾਂ ਨਾਲ ਲੇਹ ਦੇ ਆਰਮੀ ਹਸਪਤਾਲ ’ਚ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਜਵਾਨਾਂ ਨੂੰ ਕਿਹਾ ਕਿ ਉਨ੍ਹਾਂ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ,‘‘ਤੁਹਾਡੀ ਬਹਾਦਰੀ ਆਉਂਦੇ ਸਮਿਆਂ ’ਚ ਸਾਰਿਆਂ ਲਈ ਪ੍ਰੇਰਣਾ ਸਰੋਤ ਬਣੇਗੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ 130 ਕਰੋੜ ਭਾਰਤੀਆਂ ਨੂੰ ਫੌਜੀ ਜਵਾਨਾਂ ’ਤੇ ਮਾਣ ਹੈ। ਉਨ੍ਹਾਂ ਮੁਤਾਬਕ ਜਿਹੜੇ ਸੂਰਮੇ ਸਾਡੇ ਤੋਂ ਵਿਛੜ ਗਏ ਹਨ, ਉਨ੍ਹਾਂ ਦੀ ਸ਼ਹਾਦਤ ਬੇਕਾਰ ਨਹੀਂ ਗਈ ਹੈ ਅਤੇ ਤੁਸੀਂ ਵੀ ਕਰਾਰਾ ਜਵਾਬ ਦਿੱਤਾ ਹੈ।
-ਪੀਟੀਆਈ
ਸਰਹੱਦੀ ਸਥਿਤੀ ਨੂੰ ਗੁੰਝਲਦਾਰ ਬਣਾਉਣ ਤੋਂ ਬਚਣ ਦੋਵੇਂ ਧਿਰਾਂ: ਚੀਨ
ਪੇਈਚਿੰਗ: ਭਾਰਤ-ਚੀਨ ਵਿਚਾਲੇ ਫ਼ੌਜੀ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰਬੀ ਲੱਦਾਖ ਦੇ ਕੀਤੇ ਦੌਰੇ ਦੇ ਮੱਦੇਨਜ਼ਰ ਚੀਨ ਨੇ ਅੱਜ ਕਿਹਾ ਕਿ ਕਿਸੇ ਵੀ ਧਿਰ ਨੂੰ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਜੋ ਸਰਹੱਦੀ ਵਿਵਾਦ ਨੂੰ ਹੋਰ ਗੁੰਝਲਦਾਰ ਬਣਾ ਦੇਵੇ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਚੀਨ ਤੇ ਭਾਰਤ ਇਕ ਦੂਜੇ ਨਾਲ ਫ਼ੌਜੀ ਤੇ ਕੂਟਨੀਤਕ ਮਾਧਿਅਮਾਂ ਰਾਹੀਂ ਗੱਲਬਾਤ ਕਰ ਰਹੇ ਹਨ। ਦੋਵਾਂ ’ਚੋਂ ਕੋਈ ਵੀ ਧਿਰ ਅਜਿਹਾ ਕਦਮ ਨਾ ਚੁੱਕੇ ਜਿਸ ਨਾਲ ਸਰਹੱਦ ’ਤੇ ਸਥਿਤੀ ਹੋਰ ਉਲਝ ਜਾਵੇ।’ ਝਾਓ ਨੇ ਨਾਲ ਹੀ ਕਿਹਾ ਕਿ ਪੇਈਚਿੰਗ ਭਾਰਤ ਵਿਚਲੇ ਆਪਣੇ ਜਾਇਜ਼ ਕਾਰੋਬਾਰੀ ਹੱਕਾਂ ਨੂੰ ਕਾਇਮ ਰੱਖਣ ਲਈ ਲੋੜੀਂਦੇ ਕਦਮ ਚੁੱਕੇਗਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਚੀਨ ਬਾਰੇ ਰਣਨੀਤਕ ਪੱਧਰ ਉਤੇ ਕੋਈ ਗਲਤਫ਼ਹਿਮੀ ਨਹੀਂ ਰੱਖਣੀ ਚਾਹੀਦੀ। ਬੁਲਾਰੇ ਨੇ ਆਸ ਜਤਾਈ ਕਿ ਗੁਆਂਢੀ ਮੁਲਕ ਚੀਨ ਨਾਲ ਰਲ ਕੇ ਦੁਵੱਲੇ ਰਿਸ਼ਤਿਆਂ ਨੂੰ ਵਿਆਪਕ ਤੌਰ ’ਤੇ ਮਜ਼ਬੂਤ ਕਰਨ ਲਈ ਕੰਮ ਕਰੇਗਾ। ਜ਼ਿਕਰਯੋਗ ਹੈ ਕਿ ਭਾਰਤ ਨੇ ਸੜਕੀ ਪ੍ਰਾਜੈਕਟਾਂ ’ਚ ਚੀਨੀ ਫਰਮਾਂ ਦੀ ਹਿੱਸੇਦਾਰੀ ਉਤੇ ਰੋਕ ਲਾ ਦਿੱਤੀ ਹੈ। ਚੀਨੀ ਸ਼ਿੱਪਮੈਂਟ ਦੀ ਕਸਟਮ ਪ੍ਰਵਾਨਗੀ ਉਤੇ ਵੀ ਰੋਕਾਂ ਆਇਦ ਕੀਤੀਆਂ ਗਈਆਂ ਹਨ।
-ਪੀਟੀਆਈ