ਨਵੀਂ ਦਿੱਲੀ, 2 ਅਗਸਤ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਨਾਲ ਸਬੰਧਤ ਕੇਸ ਦੀ ਜਾਂਚ ਦੇ ਸਿਲਸਿਲੇ ’ਚ ਅੱਜ ਕਾਂਗਰਸ ਦੀ ਮਾਲਕੀ ਵਾਲੇ ‘ਨੈਸ਼ਨਲ ਹੈਰਾਲਡ’ ਅਖ਼ਬਾਰ ਦੇ ਮੁੱਖ ਦਫ਼ਤਰ ਅਤੇ 11 ਹੋਰ ਥਾਵਾਂ ’ਤੇ ਛਾਪੇ ਮਾਰੇ। ਇਹ ਛਾਪੇ ਕਾਂਗਰਸ ਮੁਖੀ ਸੋਨੀਆ ਗਾਂਧੀ ਤੋਂ ਪੁੱਛ ਪੜਤਾਲ ਤੋਂ ਇੱਕ ਹਫ਼ਤੇ ਬਾਅਦ ਮਾਰੇ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕਾਲੇ ਧਨ ਨੂੰ ਸਫੈਦ ਹੋਣ ਤੋਂ ਰੋਕਣ ਸਬੰਧੀ ਕਾਨੂੰਨ (ਪੀਐੱਮਐੱਲਏ) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਛਾਪੇ ਮਾਰੇ ਜਾ ਰਹੇ ਹਨ ਤਾਂ ਜੋ ਇਹ ਪਤਾ ਲਾਉਣ ਲਈ ਵਧੇਰੇ ਸਬੂਤ ਇਕੱਠੇ ਕੀਤੇ ਜਾਣ ਸਕਣ ਕਿ ਫੰਡਾਂ ਦਾ ਲੈਣ-ਦੇਣ ਕਿਸ-ਕਿਸ ਵਿਚਾਲੇ ਹੋਇਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਵੱਖ ਵੱਖ ਲੋਕਾਂ ਤੋਂ ਹਾਲ ਹੀ ਵਿੱਚ ਕੀਤੀ ਗਈ ਪੁੱਛ ਪੜਤਾਲ ਤੋਂ ਬਾਅਦ ਈਡੀ ਨੂੰ ਮਿਲੇ ਨਵੇਂ ਸਬੂਤਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਮੱਧ ਦਿੱਲੀ ’ਚ ਆਈਟੀਓ ’ਤੇ ਬਹਾਦਰ ਸ਼ਾਹ ਜ਼ਫਰ ਮਾਰਗ ’ਤੇ ‘ਹੈਰਾਲਡ ਹਾਊਸ’ ਵਿੱਚ ਨੈਸ਼ਨਲ ਹੈਰਾਲਡ ਦੇ ਦਫ਼ਤਰ ’ਤੇ ਛਾਪਾ ਮਾਰਿਆ। ਇਹ ਦਫ਼ਤਰ ਐਸੋਸੀਏਟਿਡ ਜਰਨਲਜ਼ ਲਿਮਿਟਡ ਦੇ ਨਾਂ ’ਤੇ ਰਜਿਸਟਰਡ ਹੈ। ਅਧਿਕਾਰੀਆਂ ਅਨੁਸਾਰ ਇਸ ਮਾਮਲੇ ’ਚ ਸ਼ਾਮਲ ਕੋਲਕਾਤਾ ਸਥਿਤ ਇੱਕ ਫਰਜ਼ੀ ਕੰਪਨੀ ਦੇ ਦਫ਼ਤਰ ’ਚ ਵੀ ਛਾਪਾ ਮਾਰਿਆ ਗਿਆ ਹੈ। -ਪੀਟੀਆਈ
ਈਡੀ ਦੇ ਛਾਪੇ ਬਦਲਾਲਊ ਸਿਆਸਤ ਦਾ ਹਿੱਸਾ: ਕਾਂਗਰਸ
ਨਵੀਂ ਦਿੱਲੀ: ਈਡੀ ਵੱਲੋਂ ਅੱਜ ਮਾਰੇ ਗਏ ਛਾਪਿਆਂ ਨੂੰ ਕਾਂਗਰਸ ਨੇ ਬਦਲਾਲਊ ਸਿਆਸਤ ਕਰਾਰ ਦਿੰਦਿਆਂ ਕਿਹਾ ਕਿ ਇਹ ਕਾਰਵਾਈ ਭਾਰਤ ਦੀ ਮੁੱਖ ਵਿਰੋਧੀ ਪਾਰਟੀ ’ਤੇ ਲਗਾਤਾਰ ਹੋ ਰਹੇ ਹਮਲਿਆਂ ਦਾ ਹਿੱਸਾ ਹੈ ਪਰ ਅਜਿਹੇ ਕਦਮਾਂ ਨਾਲ ਉਸ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਹੈਰਾਲਡ ਹਾਊਸ ’ਤੇ ਛਾਪੇ ਭਾਰਤ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ’ਤੇ ਲਗਾਤਾਰ ਹੋ ਰਹੇ ਹਮਲਿਆਂ ਦਾ ਹਿੱਸਾ ਹਨ। ਅਸੀਂ ਉਨ੍ਹਾਂ ਸਾਰੇ ਲੋਕਾਂ ਖ਼ਿਲਾਫ਼ ਕੀਤੀ ਜਾ ਰਹੀ ਬਦਲੇ ਦੀ ਸਿਆਸਤ ਦੀ ਨਿੰਦਾ ਕਰਦੇ ਹਾਂ ਜੋ ਮੋਦੀ ਸਰਕਾਰ ਖ਼ਿਲਾਫ਼ ਬੋਲਦੇ ਹਨ। ਤੁਸੀਂ ਸਾਨੂੰ ਚੁੱਪ ਨਹੀਂ ਕਰਵਾ ਸਕਦੇ।’ ਕਾਂਗਰਸੀ ਆਗੂ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਮੋਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਇਸ ਤਰ੍ਹਾਂ ਕੰਮ ਕਰ ਰਹੀ ਹੈ ਜਿਵੇਂ ਪਹਿਲਾਂ ਕਦੀ ਨਹੀਂ ਹੋਇਆ। -ਪੀਟੀਆਈ
ਕਾਨੂੰਨ ਆਪਣਾ ਕੰਮ ਕਰੇਗਾ: ਭਾਜਪਾ
ਨਵੀਂ ਦਿੱਲੀ: ਨੈਸ਼ਨਲ ਹੈਰਾਲਡ ਮਾਮਲੇ ’ਚ ਈਡੀ ਦੇ ਛਾਪਿਆਂ ਮਗਰੋਂ ਕਾਂਗਰਸ ਵੱਲੋਂ ਲਾਏ ਦੋਸ਼ਾਂ ਦੇ ਜਵਾਬ ’ਚ ਭਾਜਪਾ ਨੇ ਕਿਹਾ ਕਿ ਇਸ ਮਾਮਲੇ ’ਚ ਕਾਨੂੰਨ ਆਪਣਾ ਕੰਮ ਕਰੇਗਾ। ਭਾਜਪਾ ਦੇ ਜਨਰਲ ਸਕੱਤਰ ਸੀਟੀ ਰਵੀ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ’ਚ ਕੁਝ ਵੀ ਇੰਡੀਅਨ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ, ‘ਭ੍ਰਿਸ਼ਟ ਸੋਨੀਆ ਗਾਂਧੀ ਤੇ ਉਨ੍ਹਾਂ ਦਾ ਪੁੱਤਰ ਰਾਹੁਲ ਗਾਂਧੀ ਈਡੀ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੈਸ਼ਨਲ ਹੈਰਾਲਡ ਮਾਮਲੇ ’ਚ ਗੜਬੜੀ ਕੀਤੀ ਹੈ।’ ਉਨ੍ਹਾਂ ਕਿਹਾ, ‘ਗੁਲਾਮ ਇਸ ਨੂੰ ਬਦਲਾ ਕਹਿ ਸਕਦੇ ਹਨ ਪਰ ਕਾਨੂੰਨ ਆਪਣਾ ਕੰਮ ਕਰੇਗਾ।’ ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲ ਨੇ ਸਵਾਲ ਕੀਤਾ ਕਿ ਕੀ ਇਸ ਮਾਮਲੇ ’ਚ ਅਦਾਲਤ ਵੱਲੋਂ ਗਾਂਧੀ ਪਰਿਵਾਰ ਨੂੰ ਰਾਹਤ ਨਾ ਦਿੱਤੇ ਜਾਣਾ ਵੀ ‘ਬਦਲਾ’ ਹੈ? -ਪੀਟੀਆਈ