ਪੁੱਡੂਚੇਰੀ, 16 ਫਰਵਰੀ
ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਦੇ ਵਿਧਾਇਕ ਏ ਜੌਹਨ ਕੁਮਾਰ ਨੇ ਅੱਜ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਮੁੱਖ ਮੰਤਰੀ ਵੀ ਨਾਰਾਇਣਸਾਮੀ ਦੇ ਕਰੀਬੀ ਮੰਨੇ ਜਾਣ ਵਾਲੇ ਕੁਮਾਰ ਦੇ ਅਸਤੀਫੇ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪਾਰਟੀ ਲਈ ਇੱਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ। ਉਹ ਸਾਲ 2019 ’ਚ ਹੋਈਆਂ ਉਪ ਚੋਣਾਂ ’ਚ ਕਾਮਰਾਜ ਸੀਟ ਤੋਂ ਜਿੱਤੇ ਸਨ ਅਤੇ ਭਲਕੇ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੀ ਸ਼ੁਰੂਆਤ ਕਰਨ ਆ ਰਹੇ ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਵਿਧਾਨ ਸਭਾ ਤੋਂ ਅਸਤੀਫਾ ਦੇਣ ਵਾਲੇ ਉਹ ਚੌਥੇ ਕਾਂਗਰਸ ਵਿਧਾਇਕ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜੌਹਨ ਕੁਮਾਰ ਨੇ ਵਿਧਾਨ ਸਭਾ ਪ੍ਰਧਾਨ ਵੀਵੀ ਸ਼ਿਵਕੋਲੁੰਧੂ ਨਾਲ ਉਨ੍ਹਾਂ ਦੇ ਦਫ਼ਤਰ ਜਾ ਕੇ ਮੁਲਾਕਾਤ ਕੀਤੀ ਅਤੇ ਆਪਣਾ ਅਸਤੀਫਾ ਸੌਂਪਿਆ। ਵਿਧਾਨ ਸਭਾ ਪ੍ਰਧਾਨ ਨੇ ਕਿਹਾ ਕਿ ਉਹ ਪੱਤਰ ਦਾ ਅਧਿਐਨ ਕਰ ਰਹੇ ਹਨ ਅਤੇ ਜਲਦੀ ਹੀ ਇਸ ਸਬੰਧੀ ਫ਼ੈਸਲਾ ਲੈਣਗੇ। ਕੁਮਾਰ ਦਾ ਅਸਤੀਫਾ ਪਾਰਟੀ ਦੇ ਸੀਨੀਅਰ ਵਿਧਾਇਕ ਮੱਲਾੜੀ ਕ੍ਰਿਸ਼ਨਾ ਰਾਓ ਦੇ ਅਸਤੀਫੇ ਤੋਂ ਬਾਅਦ ਆਇਆ ਹੈ। ਉਨ੍ਹਾਂ ਦੇ ਅਸਤੀਫੇ ਨਾਲ ਸਦਨ ’ਚ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ 10 ਹੋ ਗਈ ਹੈ ਅਤੇ ਵਿਧਾਨ ਸਭਾ ’ਚ ਸੱਤਾ ਤੇ ਵਿਰੋਧੀ ਧਿਰ ਦੇ 14-14 ਮੈਂਬਰ ਹੋ ਗਏ ਹਨ। -ਪੀਟੀਆਈ