ਮੁੰਬਈ, 28 ਜਨਵਰੀ
ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਤੇ ਉਨ੍ਹਾਂ ਦੇ ਦੋ ਪੁੱਤਰਾਂ ਖ਼ਿਲਾਫ਼ ਈਡੀ ਵੱਲੋਂ ਦਾਇਰ ਚਾਰਜਸ਼ੀਟ ਦਾ ਇੱਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਨੋਟਿਸ ਲਿਆ ਹੈ। ਇਹ ਚਾਰਜਸ਼ੀਟ ਮਨੀ ਲਾਂਡਰਿੰਗ ਕੇਸ ਵਿਚ ਦਾਇਰ ਕੀਤੀ ਗਈ ਸੀ। ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਦੋਸ਼ ਪੱਤਰ ਦਾ ਨੋਟਿਸ ਲੈਣ ਮਗਰੋਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਈਡੀ ਨੇ ਇਸ ਕੇਸ ਵਿਚ ਸੱਤ ਹਜ਼ਾਰ ਸਫ਼ਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਕੇਸ ਵਿਚ ਦੇਸ਼ਮੁਖ ਤੇ ਉਨ੍ਹਾਂ ਦੇ ਪੁੱਤਰਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ। ਇਨ੍ਹਾਂ ਵਿਚ ਦੇਸ਼ਮੁਖ ਦੇ ਨਿੱਜੀ ਸਕੱਤਰ ਸੰਜੀਵ ਪਲਾਂਦੇ ਤੇ ਸਹਾਇਕ ਕੁੰਦਨ ਸ਼ਿੰਦੇ ਦਾ ਨਾਂ ਵੀ ਸੀ। ਦੇਸ਼ਮੁਖ ਨੂੰ ਈਡੀ ਨੇ ਪਿਛਲੇ ਸਾਲ ਪਹਿਲੀ ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। -ਪੀਟੀਆਈ