ਅਲੀਗੜ੍ਹ/ਹਾਥਰਸ/ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਹਾਥਰਸ ਦੀ ਇੱਕ ਅਦਾਲਤ ਨੇ ਅੱਜ ਮੁਹੰਮਦ ਜ਼ੁਬੈਰ ਨੂੰ 27 ਜੁਲਾਈ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਇਹ ਜਾਣਕਾਰੀ ਜ਼ੁਬੈਰ ਦੇ ਵਕੀਲ ਨੇ ਦਿੱਤੀ। ਮੁਹੰਮਦ ਜ਼ੁਬੈਰ ਨੂੰ ਅੱਜ ਦੁਪਹਿਰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਹਾਥਰਸ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਸ਼ਿਵ ਕੁਮਾਰੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਇਸੇ ਮਹੀਨੇ 27 ਜੁਲਾਈ ਨੂੰ ਪੇਸ਼ ਕਰਨ ਦਾ ਹੁਕਮ ਜਾਰੀ ਕਰਨ ਦੇ ਨਾਲ ਹੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਆਲਟ ਨਿਊਜ਼ ਦੇ ਸਹਿ-ਬਾਨੀ ਮੁਹੰਮਦ ਜ਼ੁਬੈਰ ਨੇ ਅੱਜ ਸੁਪਰੀਮ ਕੋਰਟ ਕੋਲ ਪਹੁੰਚ ਕਰਕੇ ਉੱਤਰ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਆਪਣੇ ਖ਼ਿਲਾਫ਼ ਦਰਜ ਛੇ ਕੇਸ ਰੱਦ ਕਰਨ ਦੀ ਅਪੀਲ ਕੀਤੀ ਹੈ। ਜ਼ੁਬੈਰ ਨੇ ਨਵੀਂ ਪਟੀਸ਼ਨ ’ਚ ਸਾਰੇ ਛੇ ਮਾਮਲਿਆਂ ’ਚ ਅੰਤਰਿਮ ਜ਼ਮਾਨਤ ਦੇਣ ਦੀ ਅਪੀਲ ਵੀ ਕੀਤੀ ਹੈ। ਦੂਜੇ ਪਾਸੇ ਦਿੱਲੀ ਦੀ ਇੱਕ ਅਦਾਲਤ ਨੇ ਮੁਹੰਮਦ ਜ਼ੁਬੈਰ ਵੱਲੋਂ ਇੱਕ ਹਿੰਦੂ ਦੇਵਤਾ ਬਾਰੇ ਕੀਤੇ ਗਏ ਇਤਰਾਜ਼ਯੋਗ ਟਵੀਟ ਨਾਲ ਸਬੰਧਤ ਮਾਮਲੇ ’ਚ ਉਸ ਦੀ ਜ਼ਮਾਨਤ ਪਟੀਸ਼ਨ ’ਤੇ ਹੁਕਮ 15 ਜੁਲਾਈ ਲਈ ਰਾਖਵਾਂ ਰੱਖ ਲਿਆ ਹੈ। ਜ਼ੁਬੈਰ ਨੇ ਸੁਪਰੀਮ ਕੋਰਟ ’ਚ ਦਾਇਰ ਕੀਤੀ ਪਟੀਸ਼ਨ ’ਚ ਕਿਹਾ ਕਿ ਉੱਤਰ ਪ੍ਰਦੇਸ਼ ’ਚ ਦਰਜ ਜਿਨ੍ਹਾਂ ਛੇ ਕੇਸਾਂ ਨੂੰ ਜਾਂਚ ਲਈ ਐੱਸਆਈਟੀ ਨੂੰ ਸੌਂਪਿਆ ਗਿਆ ਹੈ ਉਹ ਉਸ ਐੱਫਆਈਆਰ ’ਚ ਸ਼ਾਮਲ ਵਿਸ਼ਾ ਹੈ ਜਿਸ ਦੀ ਜਾਂਚ ਦਿੱਲੀ ਪੁਲੀਸ ਦਾ ਵਿਸ਼ੇਸ਼ ਸੈੱਲ ਕਰ ਰਿਹਾ ਹੈ। -ਪੀਟੀਆਈ