ਗੁਹਾਟੀ, 28 ਜੁਲਾਈ
ਅਸਾਮ ਪੁਲੀਸ ਨੇ ਮਿਜ਼ੋਰਮ ਨਾਲ ਲਗਦੀ ਸਰਹੱਦ ’ਤੇ ਜਾ ਰਹੇ ਕਾਂਗਰਸੀ ਵਫ਼ਦ ਨੂੰ ਅੱਜ ਰਾਹ ’ਚ ਹੀ ਰੋਕ ਲਿਆ। ਪੁਲੀਸ ਨੇ ਕਿਹਾ ਕਿ ਕਿਸੇ ਨੂੰ ਵੀ ਸਰਹੱਦ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਹ ਹੁਣ ‘ਟਕਰਾਅ ਵਾਲਾ ਖੇਤਰ’ ਬਣ ਗਿਆ ਹੈ। ਕਾਂਗਰਸ ਦੇ ਅਸਾਮ ਇਕਾਈ ਦੇ ਨਵੇਂ ਬਣੇ ਪ੍ਰਧਾਨ ਭੁਪੇਨ ਬੋਰਾ ਦੀ ਅਗਵਾਈ ਹੇਠ ਵਫ਼ਦ ਨੂੰ 8 ਕਿਲੋਮੀਟਰ ਪਹਿਲਾਂ ਕਚਾਰ ਜ਼ਿਲ੍ਹੇ ਦੇ ਢੋਲਾਈ ਪੁਲੀਸ ਸਟੇਸ਼ਨ ਨੇੜੇ ਰੋਕ ਲਿਆ ਗਿਆ। ਕਾਂਗਰਸ ਆਗੂ ਵਿਰੋਧ ਵਜੋਂ ਕੁਝ ਸਮੇਂ ਲਈ ਉਥੇ ਸੜਕ ’ਤੇ ਹੀ ਧਰਨਾ ਮਾਰ ਕੇ ਬੈਠ ਗਏ ਸਨ। ਵਫ਼ਦ ’ਚ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ, ਵਿਧਾਇਕ ਦਲ ਦੇ ਆਗੂ ਦੇਬਬ੍ਰਤ ਸੈਕੀਆ, ਰਕੀਬਉੱਲ ਹੁਸੈਨ ਅਤੇ ਬਰਾਕ ਵੈਲੀ ਦੀ ਕਰੀਮਗੰਜ ਉੱਤਰੀ ਸੀਟ ਤੋਂ ਵਿਧਾਇਕ ਕਾਮਾਲਖਿਆ ਦੇਯ ਪੁਰਕਾਯਸਥਾ ਹਾਜ਼ਰ ਸਨ। ਭੁਪੇਨ ਬੋਰਾ ਨੇ ਕਿਹਾ ਕਿ ਉਹ ਅੰਤਰ-ਰਾਜੀ ਸਰਹੱਦ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣਾ ਚਾਹੁੰਦੇ ਸਨ ਤਾਂ ਜੋ ਸਰਕਾਰ ਨੂੰ ਉਥੇ ਪੈਦਾ ਹੋਏ ਹਾਲਾਤ ਨਾਲ ਨਜਿੱਠਣ ’ਚ ਸਹਿਯੋਗ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਵਫ਼ਦ ਨੂੰ ਉਥੇ ਨਹੀਂ ਜਾਣ ਦਿੱਤਾ ਜਿਸ ਤੋਂ ਅਸਾਮ-ਮਿਜ਼ੋਰਮ ਸਰਹੱਦ ’ਤੇ ਹਾਲਾਤ ਕਾਬੂ ਹੇਠ ਹੋਣ ਦੇ ਦਾਅਵਿਆਂ ’ਤੇ ਸ਼ੰਕੇ ਖੜ੍ਹੇ ਹੁੰਦੇ ਹਨ। ਉਨ੍ਹਾਂ ਇਸ ਦਾਅਵੇ ’ਤੇ ਵੀ ਸ਼ੰਕੇ ਖੜ੍ਹੇ ਕੀਤੇ ਕਿ ਅਸਾਮ ਦੀ ਇਕ ਇੰਚ ਜ਼ਮੀਨ ’ਤੇ ਕੋਈ ਕਬਜ਼ਾ ਨਹੀਂ ਹੋਇਆ ਹੈ। ਬੋਰਾ ਨੇ ਕਿਹਾ,‘‘ਅਸੀਂ ਕੋਈ ਭਾਰਤ-ਪਾਕਿਸਤਾਨ ਦੀ ਸਰਹੱਦ ’ਤੇ ਨਹੀਂ ਜਾ ਰਹੇ ਸੀ। ਸਾਨੂੰ ਅੰਤਰ-ਰਾਜੀ ਸਰਹੱਦ ’ਤੇ ਜਾਣ ਦੀ ਮਨਜ਼ੂਰੀ ਦੇਣੀ ਚਾਹੀਦੀ ਸੀ ਤਾਂ ਜੋ ਪਤਾ ਲਗਦਾ ਕਿ ਅਸਾਮ ਦੀ ਜ਼ਮੀਨ ਸੁਰੱਖਿਅਤ ਹੈ।’’ -ਪੀਟੀਆਈ
‘ਅਸਾਮ ਦੀ ਇਕ ਇੰਚ ਧਰਤੀ ਕਿਸੇ ਨੂੰ ਨਹੀਂ ਦੇਵਾਂਗੇ’
ਮਹਿਲਾ ਕਾਂਗਰਸੀ ਆਗੂ ਸੁਸ਼ਮਿਤਾ ਦੇਵ ਨੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਦੇ ਬਿਆਨ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅਸਾਮ ਦੀ ਇਕ ਇੰਚ ਧਰਤੀ ਕਿਸੇ ਹੋਰ ਸੂਬੇ ਨੂੰ ਦੇਣ ਨਹੀਂ ਦਿੱਤੀ ਜਾਵੇਗੀ। ਕਾਂਗਰਸ ਆਗੂ ਹਲਾਕ ਹੋਏ ਪੁਲੀਸ ਕਰਮੀਆਂ ਦੇ ਘਰਾਂ ’ਚ ਵੀ ਗਏ। ਝੜਪਾਂ ’ਚ ਮਾਰੇ ਗਏ ਛੇ ਪੁਲੀਸ ਕਰਮੀਆਂ ’ਚੋਂ 5 ਬਰਾਕ ਵੈਲੀ ਨਾਲ ਸਬੰਧਤ ਹਨ। ਸੈਕੀਆ ਨੇ ਦਾਅਵਾ ਕੀਤਾ ਕਿ ਕਚਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਂਗਰਸ ਵਫ਼ਦ ਨੂੰ ਦੌਰੇ ਦੀ ਇਜਾਜ਼ਤ ਦੇ ਦਿੱਤੀ ਸੀ ਪਰ ਬਾਅਦ ’ਚ ਉਹ ਮੁੱਕਰ ਗਿਆ। ਕਚਾਰ ਦੀ ਐੱਸਪੀ ਰਮਨਦੀਪ ਕੌਰ ਨੇ ਕਿਹਾ ਕਿ ਕਿਸੇ ਨੂੰ ਵੀ ਸਰਹੱਦ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਹ ਟਕਰਾਅ ਵਾਲਾ ਇਲਾਕਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸੀਆਰਪੀਐੱਫ ਨੂੰ ਉਸ ਇਲਾਕੇ ’ਚ ਤਾਇਨਾਤ ਕੀਤਾ ਗਿਆ ਹੈ ਅਤੇ ਹਾਲਾਤ ਆਮ ਵਰਗੇ ਬਣਾਉਣ ਲਈ ਉੱਚ ਪੱਧਰੀ ਬੈਠਕਾਂ ਦਾ ਦੌਰ ਜਾਰੀ ਹੈ।