ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 4 ਸਤੰਬਰ
ਸੁਪਰੀਮ ਕੋਰਟ ਦੇ ਕੌਲਜੀਅਮ ਵੱਲੋਂ 25 ਹਾਈ ਕੋਰਟਾਂ ’ਚ ਜੱਜਾਂ ਨਿਯੁਕਤੀ ਲਈ ਪ੍ਰਕਿਰਿਆ ਤੇਜ਼ੀ ਨਾਲ ਚਲਾਈ ਜਾ ਰਹੀ ਹੈ, ਜਿੱਥੇ ਕੁੱਲ 1,098 ਜੱਜਾਂ ਦੇ ਅਹੁਦਿਆਂ ਵਿੱਚੋਂ 465 ਅਹੁਦੇ ਖਾਲੀ ਹਨ। ਭਾਰਤ ਦੇ ਚੀਫ ਜਸਟਿਸ ਐੱਸ.ਵੀ. ਰਾਮੰਨਾ ਨੇ ਸ਼ਨਿਚਰਵਾਰ ਨੂੰ ਕਿਹਾ ਸੀ, ‘ਜੇਕਰ ਮੈਂ ਗਲਤ ਨਹੀਂ ਹਾਂ ਤਾਂ ਕੱਲ੍ਹ ਕੌਲਜੀਅਮ ਨੇ ਵੱਖ-ਵੱਖ ਹਾਈ ਕੋਰਟਾਂ ਲਈ 82 ਨਾਵਾਂ ਦੀ ਸਿਫਾਰਸ਼ ਕੀਤੀ ਹੈ। ਮੈਨੂੰ ਉਮੀਦ ਹੈ ਕਿ, ਕਾਨੂੰਨ ਮੰਤਰੀ ਇੱਥੇ ਹਨ। ਅਤੇ ਸਰਕਾਰ ਜਲਦੀ ਤੋਂ ਜਲਦੀ ਨਾਵਾਂ ਨੂੰ ਮਨਜ਼ੂਰੀ ਦੇਣੀ ਯਕੀਨੀ ਬਣਾਏਗੀ, ਜਿਵੇਂ ਕਿ ਸੁਪਰੀਮ ਕੋਰਟ ਲਈ 9 ਜੱਜਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਿਫਾਰਸ਼ ਕੀਤੇ ਗਏ ਜੱਜਾਂ ਦੇ ਨਾਵਾਂ ਦੇ ਸੱਜਰੀ ਸੂਚੀ ਹਾਲੇ ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਪ੍ਰਕਾਸ਼ਿਤ ਕੀਤੀ ਜਾਣੀ ਹੈ। ਚੀਫ ਜਸਟਿਸ ਨੇ ਇਸ ਨੂੰ ਚੱਲ ਰਹੀ ਪ੍ਰਕਿਰਿਆ ਕਰਾਰ ਦਿੰਦਿਆਂ ਕਿਹਾ, ‘ਸਾਨੂੰ ਉਮੀਦ ਹੈ ਕਿ ਅਸੀਂ ਸਾਰੀਆਂ ਹਾਈ ਕੋਰਟਾਂ ’ਚ ਖਾਲੀ 41 ਫ਼ੀਸਦੀ ਅਹੁਦੇ ਭਰਨ ਦੀ ਔਖੀ ਚੁਣੌਤੀ ਨੂੰ ਪਾਰ ਕਰਨ ’ਚ ਕਾਮਯਾਬ ਹੋਵਾਂਗੇ।’ ਬਾਰ ਕੌਂਸਲ ਆਫ ਇੰਡੀਆ ਵੱਲੋਂ ਉਨ੍ਹਾਂ ਦੇ ਸਨਮਾਨ ਲਈ ਕਰਵਾਏ ਸਮਾਗਮ ’ਚ ਸ੍ਰੀ ਰਾਮੰਨਾ ਨੇ ਕਿਹਾ, ‘ਉਹ ਆਸ ਕਰਦੇ ਹਨ ਕਿ 90 ਫ਼ੀਸਦੀ ਆਸਾਮੀਆਂ ਇੱਕ ਹੋਰ ਮਹੀਨੇ ’ਚ ਭਰ ਲਈਆਂ ਜਾਣਗੀਆਂ। ਮੇਰੀ ਇਹ ਕੋਸ਼ਿਸ਼ ਹੋਵੇਗੀ ਕਿ ਖਾਲੀ ਆਸਾਮੀਆਂ ਦਾ ਮੁੱਦਾ ਉੱਚ ਨਿਆਂਪਾਲਿਕਾ ਕੋਲ ਪਹਿਲ ਦੇ ਆਧਾਰ ’ਤੇ ਉਠਾਇਆ ਜਾਵੇ।’ ਇਸ ਕੋਸ਼ਿਸ਼ ’ਚ ਸਾਥ ਦੇਣ ਉਨ੍ਹਾਂ ਆਪਣੇ ਕੌਲਜੀਅਮ ਸਾਥੀਆਂ ਜਸਟਿਸ ਯੂ.ਯੂ. ਲਲਿਤ, ਜਸਟਿਸ ਏ.ਐੱਮ. ਖਾਲਵਿਲਕਰ, ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਐੱਲਐੱਨ ਰਾਓ ਦਾ ਧੰਨਵਾਦ ਵੀ ਕੀਤਾ। ਚੀਫ ਜਸਟਿਸ ਨੇ ਖੁਲਾਸਾ ਕੀਤਾ ਕਿ 12 ਹਾਈ ਕੋਰਟਾਂ ’ਚ ਨਿਯੁਕਤੀ ਲਈ 82 ਹੋਰ ਨਾਮ ਕੌਲਜੀਅਮ ਵੱਲੋਂ 24 ਅਗਸਤ ਅਤੇ 1 ਸਤੰਬਰ ਨੂੰ ਪਾਸ ਕੀਤੇ ਗਏ ਹਨ। ਆਲਹਾਬਾਦ, ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਹਰਿਆਣਾ, ਕਲਕੱਤਾ, ਝਾਰਖੰਡ, ਛੱਤੀਸਗੜ੍ਹ, ਗੁਹਾਟੀ, ਕਰਨਾਟਕ, ਮਦਰਾਸ, ਕੇਰਲਾ ਅਤੇ ਜੰਮੂ ਅਤੇ ਕਸ਼ਮੀਰ ਹਾਈ ਕੋਰਟਾਂ ਲਈ 68 ਨਾਵਾਂ ਦੀ ਸਿਫਾਰਸ਼ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਲਈ ਵਕੀਲ ਵਿਕਾਸ ਸੂਰੀ, ਵਿਨੋਦ ਸ਼ਰਮਾ (ਭਾਰਦਵਾਜ), ਪੰਕਜ ਜੈਨ ਅਤੇ ਜਸਜੀਤ ਸਿੰਘ ਦੇ ਨਾਂਵਾਂ ਦੀ ਸ਼ਿਫਾਰਸ਼ ਕੀਤੀ ਗਈ ਹੈ।